ਪੱਤਰ ਪ੍ਰਰੇਰਕ, ਲਹਿਰਾਗਾਗਾ : ਹਲਕਾ ਲਹਿਰਾਗਾਗਾ ਦੇ ਸ਼ਹਿਰ ਖਨੌਰੀ ਤੇ ਮੂਨਕ ਨਾਲ ਖਹਿ ਕੇ ਲੰਘਦੀ ਘੱਗਰ ਨਦੀ ਆਪਣੇ ਉਫਾਨ ਤੇ ਆ ਚੁੱਕੀ ਹੈ, ਜਿਸ 'ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਜਿਵੇਂ-ਜਿਵੇਂ ਪਾਣੀ ਵਧ ਰਿਹਾ ਹੈ, ਉਵੇਂ-ਉਵੇਂ ਕਿਸਾਨਾਂ ਦੇ ਸਿਰ ਖ਼ਤਰੇ ਦੇ ਬੱਦਲ ਹੋਰ ਗਹਿਰੇ ਹੁੰਦੇ ਜਾ ਰਹੇ ਹਨ, ਉੱਥੇ ਹੀ ਇਸ ਨਦੀ ਦੇ ਪਾਣੀ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ ਜੋ ਪਹਿਲਾਂ ਕਹਿ ਰਹੇ ਸੀ, ਕਿ ਕਿਨਾਰੇ ਮਜ਼ਬੂਤ ਹਨ ਪਰ ਹੁਣ ਜਦੋਂ ਪਾਣੀ ਦਾ ਪੱਧਰ 744.8 ਤੇ ਅੱਪੜ ਗਿਆ ਹੈ ਤਾਂ ਇਸ ਦੇ ਕੰਢੇ ਖਿਸਕਣ ਲੱਗ ਪਏ ਹਨ। ਮਿੱਟੀ ਦੀਆਂ ਭਰੀਆਂ ਬੋਰੀਆਂ ਵੀ ਘੱਗਰ ਨਦੀ 'ਚ ਰੁੜ੍ਹ ਰਹੀਆਂ ਹਨ। ਹੁਣ ਪ੍ਰਸ਼ਾਸਨ ਤੇ ਡਰੇਨ ਮਹਿਕਮਾ ਲੱਖ ਦਿਲਾਸੇ ਦੇਈ ਜਾਵੇ। ਉਨ੍ਹਾਂ ਦੇ ਵੱਸ ਨਾ ਹੋ ਕੇ ਹੁਣ ਤਾਂ ਪਰਮਾਤਮਾ ਦੇ ਹੱਥ 'ਚ ਹੀ ਹੈ।

ਇਸ ਸਮੇਂ ਕਿਸਾਨ ਅਮਰੀਕ ਸਿੰਘ ਸੇਠੀ, ਗੋਲਡੀ ਚਮਾ, ਪਰਗਟ ਸਿੰਘ, 'ਆਪ' ਆਗੂ ਕੁਲਜਿੰਦਰ ਸਿੰਘ ਢੀਂਡਸਾ ਨੇ ਕਿਹਾ ਸਬੰਧਤ ਵਿਭਾਗ ਕਹਿ ਰਿਹਾ ਹੈ ਕਿ ਸਾਡੇ ਇੰਤਜਾਮ ਪੂਰੇ ਹਨ ਪਰ ਆਪਣੇ ਅੱਖੀਂ ਦੇਖ ਸਕਦੇ ਹੋ ਕਿ ਕਿੰਨੇ ਕੁ ਪੂਰੇ ਹਨ ਉੱਥੇ ਘੱਗਰ ਨੂੰ ਲੈ ਕੇ ਕੋਈ ਵੀ ਇੰਤਜਾਮ ਨਹੀਂ ਹੈ। ਇਹ ਜ਼ਿੰਮੇਵਾਰੀ ਇਕੱਲੇ ਪ੍ਰਸ਼ਾਸਨ ਵੀ ਨਹੀਂ ਡਰੇਨ ਵਿਭਾਗ ਵੱਡੇ ਪੱਧਰ ਤੇ ਜ਼ਿੰਮੇਵਾਰ ਹੈ ਜੋ ਸਾਰਾ ਸਾਲ ਤਾਂ ਸੁੱਤਾ ਰਿਹਾ ਤੇ ਕਿਨਾਰੇ ਪੱਕੇ ਤੋਂ ਇਲਾਵਾ ਹੋਰ ਇੰਤਜ਼ਾਮ ਦੀਆਂ ਗੱਲਾਂ ਕਰਦਾ ਰਿਹਾ ਪਰ ਹੁਣ ਜਦੋਂ ਘੱਗਰ ਸਿਰੇ ਤੱਕ ਚੜ੍ਹ ਗਿਆ ਤਾਂ ਵਿਖਾਵੇ ਦੇ ਤੌਰ 'ਤੇ ਹੱਥ ਪੈਰ ਮਾਰ ਰਿਹਾ ਹੈ। ਕਿਸਾਨ ਆਪਣੇ ਪੱਧਰ 'ਤੇ ਹੀ ਬੰਨ੍ਹ ਪੱਕੇ ਕਰ ਰਹੇ ਹਨ ਤੇ ਦਿਨ ਰਾਤ ਇਸ ਦੀ ਰਾਖੀ ਵੀ ਕਰ ਰਹੇ ਹਨ।

ਹਲਕੇ ਦੇ ਆਪ ਆਗੂ ਜਸਵੀਰ ਕੁੰਦਨੀ ਨੇ ਘੱਗਰ ਬੰਨ੍ਹ 'ਤੇ ਪਹੁੰਚਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਘੱਗਰ ਡਰੇਨ ਮਹਿਕਮੇ ਤੋਂ ਇਲਾਵਾ ਪ੍ਰਸ਼ਾਸਨ ਲਈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਤੋਂ ਵਧ ਕੇ ਕੁਝ ਨਹੀਂ। ਕਿਉਂਕਿ ਜਦੋਂ ਘੱਗਰ ਸੁੱਕਾ ਸੀ ਉਦੋਂ ਡਰੇਨ ਮਹਿਕਮੇ ਨੇ ਇਸਦੀ ਸਾਰ ਨਹੀਂ ਲਈ। ਨਾ ਹੀ ਕੋਈ ਹਲਕੇ ਦਾ ਵਿਧਾਇਕ ਜਾਂ ਲੀਡਰ ਇੱਥੇ ਆਇਆ। ਹੁਣ ਜਦੋਂ ਘੱਗਰ ਤੋਂ ਹਲਕੇ ਦੇ ਕਿਸਾਨਾਂ ਨੂੰ ਖਤਰਾ ਪੈਦਾ ਹੋ ਗਿਆ ਹੈ, ਤਾਂ ਵੋਟਾਂ ਬਟੋਰਨ ਲਈ ਸਿਰਫ਼ ਝੂਠੀ ਹਮਦਰਦੀ ਵਿਖਾਉਣ, ਨਾ ਕਿ ਇਸ ਦੇ ਬਣਨ ਲਈ ਜੇਬੀਸੀ ਨਾਲ ਨੱਕੇ ਪੂਰਨ ਲਈ ਆਉਣਾ। ਹਲਕੇ ਦੇ ਕਿਸਾਨ ਆਪਣੇ ਪੱਧਰ ਤੇ ਪੈਸੇ ਇਕੱਠੇ ਕਰਕੇ ਇਸ ਘੱਗਰ ਦੇ ਬੰਨ੍ਹਾਂ 'ਤੇ ਮਿੱਟੀ ਲਾਉਂਦੇ ਹਨ। ਇੱਥੋਂ ਤੱਕ ਕੇ ਪਿੰਡਾਂ ਨੂੰ ਡੁੱਬਣ ਤੋਂ ਬਚਾਉਣ ਲਈ ਆਲੇ ਦੁਆਲੇ ਰਿੰਗ ਬੰਨ੍ਹ ਵੀ ਇਹ ਖੁਦ ਪਿੰਡਾਂ ਵਾਲੇ ਬਣਾਉਂਦੇ ਹਨ। ਉਨ੍ਹਾਂ ਕਿਹਾ, ਕਿ ਇਸ ਹਲਕੇ ਤੋਂ ਬੀਬੀ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਰਹਿ ਚੁੱਕੇ ਹਨ ਤੇ ਪਰਮਿੰਦਰ ਸਿੰਘ ਢੀਂਡਸਾ ਖਜ਼ਾਨਾ ਮੰਤਰੀ ਪਰ ਇਨ੍ਹਾਂ ਨੇ ਵੀ ਇਸ ਹਲਕੇ ਚੋਂ ਲੰਘਦੀ ਇਸ ਘੱਗਰ ਨਦੀ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ।