ਸਟਾਫ ਰਿਪੋਰਟਰ, ਬਰਨਾਲਾ : ਬੁੱਧਵਾਰ ਨੂੰ ਸਵੇਰੇ ਕਰੀਬ 8 ਵਜੇ 19 ਸਾਲਾ ਕੁੜੀ ਨੇ ਭੇਦਭਰੇ ਹਾਲਤਾਂ 'ਚ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਨਾਲ ਉਸ ਦੀ ਹਾਲਤ ਗੰਭੀਰ ਹੋ ਗਈ। ਜਾਣਕਾਰੀ ਅਨੁਸਾਰ 19 ਸਾਲ ਦੀ ਕੁੜੀ ਮਨਪ੍ਰਰੀਤ ਕੌਰ ਪੁੱਤਰੀ ਅਮਰਜੀਤ ਸਿੰਘ ਵਾਸੀ ਨੇੜੇ ਜ਼ੀਰੋ ਪੁਆਇੰਟ ਬਰਨਾਲਾ ਨੇ ਭੇਦਭਰੇ ਹਾਲਾਤਾਂ 'ਚ ਬੁੱਧਵਾਰ ਨੂੰ ਸਵੇਰੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਨੂੰ ਸਿਵਲ ਹਸਪਤਾਲ 'ਚ ਲਿਆਂਦਾ ਗਿਆ। ਐਮਰਜੈਂਸੀ ਸਟਾਫ ਤੇ ਈਐੱਮਓ ਡਾ. ਰਾਜਿੰਦਰ ਕੁਮਾਰ ਵੱਲੋਂ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਪਰ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਥਾਣਾ ਸਿਟੀ-1 ਦੇ ਮੁਖੀ ਗੁਰਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਡਾਕਟਰੀ ਰਿਪੋਰਟ ਨਹੀਂ ਭੇਜੀ ਗਈ ਤੇ ਜਿਵੇਂ ਹੀ ਰਿਪੋਰਟ ਆ ਜਾਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।