ਪਰਦੀਪ ਸਿੰਘ ਕਸਬਾ, ਸੰਗਰੂਰ: ਸੰਗਰੂਰ ਸ਼ਹਿਰ ਦੀ ਸ਼ਿਵਮ ਕਾਲੋਨੀ 'ਚ ਬੀਤੀ ਰਾਤ ਇੱਕ ਨੌਜਵਾਨ ਲੜਕੀ ਵੱਲੋਂ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਖ਼ਬਰ ਹੈ।

ਥਾਣਾ ਸਿਟੀ ਸੰਗਰੂਰ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਮਾਤਾ ਪਰਮਜੀਤ ਕੌਰ ਵੱਲੋਂ ਬਿਆਨ ਦਰਜ ਕਰਵਾਏ ਗਏ ਹਨ ਕਿ ਉਸ ਦੇ ਪਤੀ ਦੀ ਲਗਭਗ 12 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਉਹ ਆਪਣੇ ਲੜਕੇ ਰਾਜਿੰਦਰ ਸਿੰਘ ਨਾਲ ਲੜਕੀ ਵੀਰ ਦਵਿੰਦਰ ਕੌਰ ਨਾਲ ਸ਼ਿਵਮ ਕਲੋਨੀ ਵਿੱਚ ਰਹਿ ਰਹੀ ਹੈ। ਉਹ ਖੁਦ ਕੈਂਸਰ ਦੀ ਮਰੀਜ਼ ਹੈ ਅਤੇ ਉਸ ਦਾ ਲੜਕਾ ਰਾਜਿੰਦਰ ਸਿੰਘ ਅਤੇ ਲੜਕੀ ਵੀਰ ਦਵਿੰਦਰ ਕੌਰ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਬੇ-ਰੁਜ਼ਗਾਰ ਸਨ। ਜਿਸ ਕਾਰਨ ਉਸ ਦੀ ਲੜਕੀ ਪਿਛਲੇ ਕੁੱਝ ਦਿਨਾਂ ਤੋਂ ਪ੍ਰੇਸ਼ਾਨ ਚੱਲੀ ਆ ਰਹੀ ਸੀ ਅਤੇ ਬੀਤੀ ਕੱਲ੍ਹ ਰਾਤ ਉਸ ਦੀ ਲੜਕੀ ਨਹਾਉਣ ਲਈ ਆਪਣੇ ਕਮਰੇ ਵਿੱਚ ਗਈ ਪਰ ਇੱਕ ਘੰਟੇ ਤੋਂ ਬਾਅਦ ਸਮਾਂ ਬੀਤਣ ਉਪਰੰਤ ਜਦੋਂ ਉਹ ਲੜਕੀ ਬਾਹਰ ਨਾ ਆਈ ਤਾਂ ਉਸ ਦੇ ਲੜਕੇ ਵੱਲੋਂ ਗੁਆਂਢੀਆਂ ਦੀ ਮਦਦ ਨਾਲ ਲੜਕੀ ਦੇ ਕਮਰੇ ਦਾ ਦਰਵਾਜ਼ਾ ਤੋੜ ਕੇ ਖੋਲ੍ਹਿਆ ਗਿਆ ਤਾਂ ਉਸ ਦੀ ਲੜਕੀ ਨੇ ਅੰਦਰ ਛੱਤ ਵਾਲੇ ਪੱਖੇ ਨਾਲ ਫ਼ਾਹਾ ਲਿਆ ਹੋਇਆ ਸੀ। ਪਰਮਜੀਤ ਕੌਰ ਮੁਤਾਬਕ ਉਸ ਦੀ ਲੜਕੀ ਵੀਰ ਦਵਿੰਦਰ ਨੇ ਆਪਣੇ ਅਤੇ ਆਪਣੇ ਭਰਾ ਦੀ ਬੇ-ਰੁਜ਼ਗਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਹੈ ਥਾਣਾ ਸਿਟੀ ਸੰਗਰੂਰ ਪੁਲਿਸ ਵੱਲੋਂ ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।

Posted By: Jagjit Singh