ਜੇਐੱਨਐੱਨ, ਮੂਨਕ : ਪਿੰਡ ਮਕਰੋੜ ਸਾਹਿਬ ਤੋਂ ਫੂਲਦ ਵੱਲ ਘੱਗਰ ਦਰਿਆ 'ਚ ਵੀਰਵਾਰ ਸਵੇਰੇ ਪਿਆ ਪਾੜ 108 ਘੰਟੇ ਬਾਅਦ ਵੀ ਪੂਰੀ ਤਰ੍ਹਾਂ ਪੂਰਿਆ ਨਹੀਂ ਜਾ ਸਕਿਆ। ਘੱਗਰ ਵਿਚ ਪਾਣੀ ਦਾ ਪੱਧਰ 745 ਫੁੱਟ 'ਤੇ ਪੁੱਜਣ ਤੇ ਪਿੱਛਿਓਂ ਪਾਣੀ ਦੀ ਰਫ਼ਤਾਰ ਘੱਟ ਹੋਣ 'ਤੇ ਹੁਣ ਪਾੜ ਪੂਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਅਜੇ ਵੀ 20-25 ਫੁੱਟ ਦਾ ਪਾੜ ਭਰਿਆ ਜਾਣਾ ਬਾਕੀ ਹੈ। ਪਿਛਲੇ ਕਈ ਦਿਨਾਂ ਤੋਂ ਇਲਾਕੇ 'ਚ ਬਣੀ ਸੰਭਾਵੀ ਹੜ੍ਹ ਦੀ ਸਥਿਤੀ ਹੁਣ ਟਲ਼ ਗਈ ਹੈ। ਪਾਣੀ ਘੱਟ ਹੋਣ ਲੱਗਾ ਹੈ ਪਰ ਪਿਛਲੇ ਪੰਜ ਦਿਨਾਂ ਤੋਂ ਪਾਣੀ ਨੇ ਇਕ ਦਰਜਨ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਬਰਬਾਦ ਕਰ ਦਿੱਤੀ ਹੈ।

ਸੋਮਵਾਰ ਨੂੰ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ (ਮਾਲੀਆ) ਕਰਨਬੀਰ ਸਿੰਘ ਸਿੱਧੂ ਨੇ ਪਿੰਡ ਫੂਲਦ ਦਾ ਦੌਰਾ ਕਰਕੇ ਘੱਗਰ ਦਰਿਆ 'ਚ ਪਏ ਪਾੜ ਨੂੰ ਬੰਦ ਕਰਨ ਦੇ ਕੰਮ ਦਾ ਜਾਇਜ਼ਾ ਲਿਆ। ਫੂਲਦ 'ਚ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਵਿਸ਼ਵਾਸ ਦੁਆਇਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਬਰਬਾਦ ਹੋਣ 'ਤੇ ਚਿੰਤਤ ਹੈ। ਇਸ ਦੇ ਚੱਲਦਿਆਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਖੇਤਾਂ 'ਚ ਪਾਣੀ ਦਾ ਪੱਧਰ ਘੱਟ ਹੋਣ ਦੇ ਨਾਲ ਹੀ ਵਿਸ਼ੇਸ਼ ਗਿਰਦਾਵਰੀ ਸਬੰਧੀ ਪ੍ਰਕਿਰਿਆ ਮੁਕੰਮਲ ਕਰਕੇ ਸਰਕਾਰ ਨੂੰ ਫ਼ਸਲਾਂ ਦੇ ਨੁਕਸਾਨ ਸਬੰਧੀ ਰਿਪੋਰਟ ਤੁਰੰਤ ਭੇਜੀ ਜਾਵੇ।

ਪਿੰਡ ਫੂਲਦ 'ਚ ਫ਼ੌਜ ਦੇ ਜਵਾਨ, ਐੱਨਡੀਆਰਐੱਫ, ਐੱਸਡੀਆਰਐੱਫ, ਸਿਵਲ ਤੇ ਪੁਲਿਸ ਟੀਮਾਂ, ਸਮਾਜ ਸੇਵੀ ਤੇ ਮਨਰੇਗਾ ਵਰਕਰ ਪਾੜ ਪੂਰਨ ਵਿਚ ਲੱਗੇ ਹੋਏ ਹਨ। ਹੁਣ ਛੇਤੀ ਹੀ ਪਾੜ ਪੂਰਨ ਦਾ ਕੰਮ ਪੂਰਾ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਫ਼ੌਜ ਦੇ ਅਧਿਕਾਰੀਆਂ, ਏਡੀਸੀ ਤੇ ਐੱਸਡੀਐੱਮ ਮੂਨਕ ਨਾਲ ਵੀ ਹਾਲਾਤ 'ਤੇ ਗੱਲਬਾਤ ਕੀਤੀ। ਇਸ ਮੌਕੇ ਏਡੀਸੀ ਡੀ ਸੁਭਾਸ਼, ਐੱਸਡੀਐੱਮ ਸੂਬਾ ਸਿੰਘ ਆਦਿ ਅਧਿਕਾਰੀ ਮੌਜੂਦ ਸਨ।