ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਰਨਾਲਾ ਦੇ ਪੱਤੀ ਰੋਡ ਤੋਂ ਕਈ ਮਹੀਨੇ ਲਾਪਤਾ ਹੋਈ ਲੜਕੀ ਦੇ ਮਾਮਲੇ 'ਚ ਭਾਵੇਂ ਬਰਨਾਲਾ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਦੇ ਕੋਰਟ ਮੈਰਿਜ ਦਾ ਹਵਾਲਾ ਦੇ ਕੇ ਕੇਸ ਨੂੰ ਫ਼ਾਈਲ ਕਰ ਦਿੱਤਾ ਸੀ। ਪਰ 18 ਫ਼ਰਵਰੀ ਨੂੰ ਉਸੇ ਮਾਮਲੇ 'ਚ ਇਕ ਅਜਿਹਾ ਮੌੜ ਆਇਆ ਕਿ ਪਰਿਵਾਰ ਵਲੋਂ ਲੜਕੀ ਦੀ ਭਾਲ ਜਾਰੀ ਰੱਖਣ 'ਤੇ ਲਹਿਰਾ ਮੁਹੱਬਤ ਤੋਂ ਲੜਕੀ ਮਿਲਣ 'ਤੇ ਸਿਵਲ ਹਸਪਤਾਲ ਬਰਨਾਲਾ 'ਚ ਜ਼ੇਰੇ ਇਲਾਜ ਕਰਵਾਉਣ ਉਪਰੰਤ ਪੀੜਤਾ ਨੇ ਆਪਣੇ ਨਾਲ ਹੋਏ ਮਹੀਨਿਆਂਵੱਧੀ ਗੈਂਗਰੈਪ ਦਾ ਖੁਲਾਸਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਦੇ ਬਰਨਾਲਾ ਤੋਂ ਅਤਿ ਨਜ਼ਦੀਕ ਅਕਾਲੀ ਆਗੂ ਸਣੇ ਤਿੰਨ ਪੁਲਿਸ ਅਧਿਕਾਰੀਆਂ ਦਾ ਨਾਮ ਲੈਂਦਿਆਂ ਦੱਸਿਆ ਕਿ ਉਸ ਦੇ ਘਰ ਕਿਰਾਏ 'ਤੇ ਰਹਿ ਰਹੀ ਇਕ ਮਹਿਲਾ ਵਲੋਂ ਉਸ ਨੂੰ ਬਰਨਾਲਾ ਦੇ ਹੀ ਇਕ ਘਰ ਲਿਜਾ ਕੇ ਕੋਕ 'ਚ ਕੋਈ ਨਸ਼ੀਲੀ ਚੀਜ਼ ਪਿਲਾ ਉਸ ਦੇ ਨਾਲ ਇਕ ਸਾਧ ਸਣੇ ਅਕਾਲੀ ਆਗੂ ਤੇ ਹੋਰ 5-6 ਜਣਿਆਂ ਨੇ ਉਸ ਦੇ ਨਾਲ ਜ਼ਬਰਜਨਾਹ ਕੀਤਾ ਤੇ ਉਸ ਦੀ ਹਾਲਤ ਵਿਗੜਨ 'ਤੇ ਉਸ ਗੈਂਗ ਨੇ ਲੜਕੀ ਨੂੰ ਬਰਨਾਲਾ ਦੇ ਪਿੰਡ ਪੰਧੇਰ ਵਿਖੇ ਪੁਲਿਸ ਅਧਿਕਾਰੀਆਂ ਦੀ ਸਹਿ 'ਤੇ ਛੁਪਾ ਕੇ ਰੱਖਿਆ। ਉਸ ਉਪਰੰਤ ਉਸ ਨੂੰ ਧੂਰੀ ਨੇੜੇ ਪਿੰਡ ਤੇ ਵੱਖ-ਵੱਖ ਜਗ੍ਹਾ 'ਤੇ ਰੱਖਣ ਉਪਰੰਤ ਬਠਿੰਡਾ ਵਿਖੇ ਵੀ ਕਈ ਮਹੀਨੇ ਰੱਖਿਆ ਗਿਆ। ਉਨ੍ਹਾਂ ਦੇ ਚੁੰਗਲ 'ਚੋਂ ਨਾ ਭੱਜਣ ਦੀ ਹਾਲਤ 'ਚ ਉਸ ਨੇ ਖੁਦਕੁਸ਼ੀ ਕਰਨ ਦੀ ਵੀ ਕੋਸਿਸ਼ ਕੀਤੀ। ਪਰ ਉਨ੍ਹਾਂ ਵਲੋਂ ਉਸ ਨੂੰ ਨਾ ਤਾਂ ਮਰਨ ਦਿੱਤਾ ਗਿਆ ਤੇ ਨਾ ਹੀ ਜ਼ਿੰਦਗੀ ਜਿਉਣ ਦਿੱਤੀ ਗਈ। 18 ਫ਼ਰਵਰੀ ਨੂੰ ਉਹ ਉਨ੍ਹਾਂ ਦੇ ਚੁੰਗਲ 'ਚੋਂ ਨਿੱਕਲ ਕੇ ਭੱਜੀ ਤਾਂ ਲਹਿਰਾ ਮੁਹੱਬਤ ਹਾਈਵੇ ਰੋਡ ਤੋਂ ਪਰਿਵਾਰ ਅਤੇ ਰਾਜਪੂਤ ਵੈਲਫ਼ੇਅਰ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਨਾਲ ਉਸ ਨੂੰ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਆਪਣੇ ਨਾਲ ਮਹੀਨਿਆਂਬੱਧੀ ਹੋਏ ਗੈਂਗਰੈਪ ਦਾ ਇਨਸਾਫ਼ ਮੰਗਦਿਆਂ ਅਕਾਲੀ ਆਗੂਆਂ ਤੇ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਗੈਂਗਰੇਪ ਮਾਮਲੇ 'ਚ ਅਕਾਲੀ ਦਲ ਦੇ ਆਗੂ ਦਾ ਨਾਮ ਆਉਣ 'ਤੇ ਸ਼ਹਿਰ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਉਹ ਜਿੱਥੇ ਪਾਰਟੀ ਦੀ ਹਾਈਕਮਾਂਡ ਦੇ ਇਹ ਮਾਮਲਾ ਧਿਆਨ 'ਚ ਲਿਆਉਣਗੇ ਉੱਥੇ ਹੀ ਆਪਣੀ ਪਾਰਟੀ ਵਲੋਂ ਇਕ ਜਾਂਚ ਕਮੇਟੀ ਬਣਾ ਕੇ ਇਸ ਦੀ ਜਾਂਚ ਕਰਦਿਆਂ ਪਾਰਟੀ ਪੱਧਰ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ 'ਤੇ ਪੁਲਿਸ ਕਾਰਵਾਈ ਕਰਦੀ ਹੈ ਤਾਂ ਉਹ ਇਸ ਨੂੰ ਪਾਰਟੀ 'ਚੋਂ ਬਰਖਾਸਤ ਕਰਨ 'ਤੇ ਵੀ ਵਿਚਾਰ ਕਰ ਸਕਦੀ ਹੈ।

-ਬਾਕਸ ਨਿਊਜ

-ਪੀੜਤਾ ਨਾਲ ਨਬਾਲਿਗ ਦੀ ਕੋਰਟ ਮੈਰਿਜ ਕਰਵਾ ਕੇ ਬਚਨ ਦਾ ਕੀਤਾ ਦੋਸ਼ੀਆਂ ਦਾ ਢੰਗ

ਗੈਂਗਰੇਪ ਪੀੜਤਾ ਕੁੜੀ ਦੇ ਦੋਸ਼ੀ ਖੁਦ ਬਚਣ ਲਈ ਨਵੀਆਂ ਨਵੀਆਂ ਸਕੀਮਾਂ ਲਗਾਉਂਦਿਆਂ ਜਿੱਥੇ ਪੁਲਿਸ ਅਧਿਕਾਰੀਆਂ ਨਾਲ ਗੰਢਤੁੱਪ ਕਰਕੇ ਪੀੜਤਾ ਨੂੰ ਹੀ ਦੋਸ਼ੀ ਠਹਿਰਾਉਂਦੇ ਰਹੇ , ਉੱਥੇ ਹੀ ਉਨ੍ਹਾਂ ਨੇ ਘਰੋਂ ਲਾਪਤਾ ਹੋਈ ਪੀੜਤਾ ਨਾਲ ਨਬਾਲਿਗ ਲੜਕੇ ਦੀ ਹੀ ਕੋਰਟ ਮੈਰਿਜ ਕਰਵਾ ਕੇ ਆਪਣੀ ਮਰਜ਼ੀ ਦੇ ਨਾਲ ਘਰੋਂ ਭੱਜਣ ਦਾ ਹਵਾਲਾ ਦੇ ਕੇ ਜਿੱਥੇ ਕਾਨੂੰਨੀ ਕਾਰਵਾਈ ਨੂੰ ਬੰਦ ਕੀਤਾ, ਉੱਥੇ ਹੀ ਉਸ ਪੀੜਤਾ ਨਾਲ ਰੋਜ ਜਬਰਜਨਾਹ 'ਤੇ ਪਰਦਾ ਪਾਉਂਦਿਆਂ ਅਕਾਲੀ ਆਗੂ ਦੀ ਸ਼ਹਿ 'ਤੇ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਸ ਪੀੜਤਾ ਨੂੰ ਮਹੀਨਿਆਂਵੱਧੀ ਗੈਂਗਰੈਪ ਤੇ ਜਬਰਜਨਾਹ ਦਾ ਤਸੱਦਦ ਝੱਲਣਾ ਪਿਆ।

-ਬਾਕਸ ਨਿਊਜ

-ਜੱਜ ਨੇ ਖੁਦ ਹਸਪਤਾਲ ਜਾ ਕੇ ਪੀੜਤਾ ਦੇ ਬਿਆਨ ਕੀਤੇ ਕਲਮਬੰਦ

22 ਫ਼ਰਵਰੀ ਨੂੰ ਸਿਵਲ ਹਸਪਤਾਲ 'ਚ ਮਾਨਯੋਗ ਅਦਾਲਤ ਬਬਲਜੀਤ ਕੌਰ ਡਿਊਟੀ ਮੈਜਿਸਟ੍ਰੇਟ ਨੇ ਖੁਦ ਪੀੜਤਾ ਦੇ ਬਿਆਨ ਕਲਮਬੰਦ ਕੀਤੇ। ਜਿੱਥੇ ਪੀੜਤਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਦੇ ਨਜ਼ਦੀਕੀ ਤੇ ਨਗਰ ਕੌਂਸਲ ਚੋਣਾਂ 'ਚ ਅਕਾਲੀ ਦਲ ਦੇ ਪ੍ਰਚਾਰਕ ਆਗੂ ਸਣੇ ਤਿੰਨ ਪੁਲਿਸ ਅਧਿਕਾਰੀਆਂ ਦਾ ਪੀੜਤਾ ਕੁੜੀ ਨੇ ਰੋਅ-ਰੋਅ ਕੇ ਵਿੱਥਿਆ ਸੁਣਾਉਂਦਿਆਂ ਦੱਸਿਆ ਕਿ ਉਸ ਨੂੰ ਮਹੀਨਿਆਂਵੱਧੀ ਨਰਕ ਭਰੀ ਜਿੰਦਗੀ ਜਿਉਣੀ ਪਈ ਹੈ। ਤਾਂ ਮਾਨਯੋਗ ਅਦਾਲਤ ਵਲੋਂ ਸਬ ਇੰਸਪੈਕਟਰ ਸੰਦੀਪ ਕੌਰ ਦੀ ਅਗਵਾਈ 'ਚ ਪੀੜਤਾ ਦੀ ਡਾਕਟਰੀ ਰਿਪੋਰਟ ਵੀਰਵਾਰ ਤੱਕ ਪੇਸ਼ ਕਰਨ ਦੇ ਹੁਕਮ ਦਿੱਤੇ।

-ਬਾਕਸ ਨਿਊਜ

-ਪੁਲਿਸ ਅਧਿਕਾਰੀ ਪੀੜਤਾ 'ਤੇ ਪਾਉਂਦੇ ਰਹੇ ਦਬਾਅ

ਬਰਨਾਲਾ ਸਿਟੀ ਥਾਣਾ 1 ਦੇ ਤਿੰਨ ਪੁਲਿਸ ਅਧਿਕਾਰੀ ਪੀੜਤਾ ਨੂੰ ਇਨਸਾਫ਼ ਦਿਵਾਉਣ ਦੀ ਬਜਾਇ ਖੁਦ ਦੋਸ਼ੀਆਂ ਦਾ ਸਾਥ ਦੇ ਕੇ ਪੀੜਤਾ 'ਤੇ ਦਬਾਅ ਪਾਉਂਦੇ ਰਹੇ। ਮਾਨਯੋਗ ਅਦਾਲਤ 'ਚ ਪੀੜਤਾ ਨੇ ਜਿੱਥੇ ਬਿਆਨ ਕਲਮਬੰਦ ਕਰਵਾਏ, ਉੱਥੇ ਹੀ ਮੀਡੀਆ ਦੇ ਰੂਬਰੂ ਹੋ ਕੇ ਉਸ ਨੇ ਆਪਣੀ ਦਰਦਭਰੀ ਵਿੱਥਿਆ ਸੁਣਾਉਂਦਿਆਂ ਦੱਸਿਆ ਕਿ ਇਕ ਪੁਲਿਸ ਅਧਿਕਾਰੀ ਨੇ ਤਾਂ ਉਸ ਦੇ ਸਿਰ 'ਤੇ ਰਿਵਾਲਵਰ ਤਾਣਦਿਆਂ ਕਿਹਾ ਕਿ ਜੇਕਰ ਤੂੰ ਸਾਡੀ ਮੰਨ ਕੇ ਲੁਧਿਆਣਾ ਅਦਾਲਤ 'ਚ ਜਾ ਕੇ ਕੋਰਟ ਮੈਰਿਜ ਕਰਵਾ ਆਪਣੇ ਮਾਪਿਆਂ ਖਿਲਾਫ਼ ਬਿਆਨ ਦਰਜ ਨਹੀਂ ਕਰਵਾਏਗੀ ਤਾਂ ਤੈਨੰੂ ਤੇ ਭਰਾ ਨੂੰ ਮਾਰ ਦਿੱਤਾ ਜਾਵੇਗਾ। ਮਾਰ ਦੇਣ, ਮਾਰ ਦੇਣ, ਦਾ ਡਰਾਵਾ ਦੇ ਕੇ ਪੁਲਿਸ ਵਲੋਂ ਦੋਸੀਆਂ ਦੀ ਮੱਦਦ ਨੇ ਇਕ ਵਾਰ ਿਫ਼ਰ ਖਾਖੀ ਨੂੰ ਦਾਰ-ਦਾਰ ਕਰ ਦਿੱਤਾ।