ਬੂਟਾ ਸਿੰਘ ਚੌਹਾਨ, ਸੰਗਰੂਰ : ਪੁਲਿਸ ਲਾਈਨ ਵਿਖੇ ਜ਼ਿਲ੍ਹਾ ਪੱਧਰੀ ਮਨਾਏ ਗਏ ਗਣਤੰਤਰ ਦਿਵਸ ਮੌਕੇ ਪ੍ਰਸ਼ਾਸਨ 'ਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਡਰਾਈਵਰ ਰਹੇ ਸੰਗਰੂਰ ਦੇ 92 ਸਾਲਾ ਸੁਤੰਤਰਤਾ ਸੈਨਾਨੀ ਗੁਰਦਿਆਲ ਸਿੰਘ ਨੇ ਮੁੱਖ ਮਹਿਮਾਨ ਵਿਜੈਇੰਦਰ ਸਿੰਗਲਾ ਦੇ ਹੱਥੋਂ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਵਾਰਿਸਾਂ ਨੂੰ ਸਨਮਾਨਤ ਕਰ ਰਹੇ ਸਨ। ਇਸ ਦੌਰਾਨ ਅਧਿਕਾਰੀਆਂ ਵੱਲੋਂ ਗੁਰਦਿਆਲ ਸਿੰਘ ਦਾ ਨਾਂ ਲਿਆ ਗਿਆ। ਕੈਬਨਿਟ ਮੰਤਰੀ ਸਨਮਾਨ ਲੈ ਕੇ ਸੁਤੰਤਰਤਾ ਸੈਨਾਨੀ ਗੁਰਦਿਆਲ ਸਿੰਘ ਦੇ ਕੋਲ ਪੁੱਜੇ ਪਰ ਗੁਰਦਿਆਲ ਸਿੰਘ ਨੇ ਇਹ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਗੁਰਦਿਆਲ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਲੰਘੀ 15 ਅਗਸਤ 2018 ਨੂੰ ਉਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਤ ਕੀਤਾ ਜਾਣਾ ਸੀ ਪਰ ਉਨ੍ਹਾਂ ਦੇ ਨਾਂ ਸਬੰਧੀ ਫਾਈਲ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਗੇ ਨਹੀਂ ਭੇਜੀ, ਜਿਸ ਕਾਰਨ ਉਨ੍ਹਾਂ ਨੂੰ ਇਹ ਸਨਮਾਨ ਨਹੀਂ ਮਿਲ ਸਕਿਆ। ਪ੍ਰਸ਼ਾਸਨ ਦੀ ਅਜਿਹੀ ਧੱਕੇਸ਼ਾਹੀ ਨੇ ਉਨ੍ਹਾਂ ਨੂੰ ਬੇਹੱਦ ਨਿਰਾਸ਼ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੇ ਇਹ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ।

ਸੁਤੰਤਰਤਾ ਸੈਨਾਨੀ ਗੁਰਦਿਆਲ ਸਿੰਘ ਦੀ ਨੂੰਹ ਮਨਪ੍ਰੀਤ ਕੌਰ ਨੇ ਦੱਸਿਆ ਕਿ ਪਿਛਲੇ ਸਾਲ 15 ਅਗਸਤ ਸਮਾਗਮ ਦੌਰਾਨ ਸੁਤੰਤਰਤਾ ਸੈਨਾਨੀ ਗੁਰਦਿਆਲ ਸਿੰਘ ਨੂੰ ਰਾਸ਼ਟਰਪਤੀ ਐਵਾਰਡ ਲਈ ਚੁਣਿਆ ਗਿਆ ਸੀ, ਜਿਸ ਦਾ ਉਨ੍ਹਾਂ ਨੂੰ ਪੱਤਰ ਪ੍ਰਾਪਤ ਹੋਇਆ। ਉਹ ਗੁਰਦਿਆਲ ਸਿੰਘ ਦੇ ਨਾਲ ਉਸ ਸਮੇਂ ਦੇ ਡੀਸੀ ਨੂੰ ਮਿਲੇ ਅਤੇ ਸਨਮਾਨ ਦੇ ਲਈ ਫਾਈਲ ਬਣਾ ਕੇ ਪ੍ਰਸ਼ਾਸਨ ਨੂੰ ਭੇਜਣ ਦੀ ਗੁਜਾਰਿਸ਼ ਕੀਤੀ। ਪ੍ਰਸ਼ਾਸਨ ਦੇ ਕਹਿਣ 'ਤੇ ਦਸਤਾਵੇਜ਼, ਤਸਵੀਰਾਂ ਅਤੇ ਫਾਰਮ ਆਦਿ ਡੀਸੀ ਦਫਤਰ ਦੀ ਐੱਮਈ ਬ੍ਰਾਂਚ ਨੂੰ ਸੌਂਪੇ ਗਏ, ਜਿਸ ਤੋਂ ਬਾਅਦ ਤਹਿਸੀਲਦਾਰ ਦੇ ਹੁਕਮਾਂ 'ਤੇ ਪਟਵਾਰੀ ਜਾਂਚ ਕਰਨ ਲਈ ਵੀ ਆਏ। ਇਸ ਦੇ ਬਾਵਜੂਦ ਐੱਮਈ ਵਿਭਾਗ ਨੇ ਇਹ ਫਾਈਲ ਅੱਗੇ ਨਹੀਂ ਭੇਜੀ। ਇਸ ਸਬੰਧੀ ਉਹ 15 ਅਗਸਤ ਤੋਂ ਪਹਿਲਾਂ ਵੀ ਦਫਤਰ ਵਿਚ ਘੁੰਮਦੇ ਰਹੇ ਪਰੁਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਸੁਤੰਰਤਤਾ ਸੈਨਾਨੀ ਗੁਰਦਿਆਲ ਸਿੰਘ ਨੂੰ ਰਾਸ਼ਟਰਪਤੀ ਸਨਮਾਨ ਨਹੀਂ ਮਿਲ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰਾਂ 15 ਅਗਸਤ ਅਤੇ 26 ਜਨਵਰੀ ਨੂੰ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰਦੀਆਂ ਹਨ ਪਰ ਇਸ ਤੋਂ ਬਾਅਦ ਨਾ ਤਾਂ ਸੁਤੰਤਰਤਾ ਸੈਨਾਨੀਆਂ ਦੀ ਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਦੀ ਕੋਈ ਸਾਰ ਲਈ ਜਾਂਦੀ ਹੈ।

ਸੁਤੰਤਰਤਾ ਸੈਨਾਨੀ ਦੇ ਰੋਸ ਨੂੰ ਦੇਖਦਿਆਂ ਕੈਬਨਿਟ ਮੰਤਰੀ ਸਿੰਗਲਾ ਨੇ ਡੀਸੀ ਨੂੰ ਤੁਰੰਤ ਇਸ ਲਾਪਰਵਾਹੀ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ।