ਬਲਜਿੰਦਰ ਸਿੰਘ ਮਿੱਠਾ, ਸੰਗਰੂਰ :: ਥਾਣਾ ਸਦਰ ਧੂਰੀ ਵਿਖੇ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਰਨ ਦਾ ਮਾਮਲਾ ਦਰਜ ਹੋਇਆ ਹੈ। ਜਾਣਕਾਰੀ ਦਿੰਦਿਆਂ ਸੁਖਦੇਵ ਖਾਂ ਪੁੱਤਰ ਰਾਜ ਕੁਮਾਰ ਨਿਵਾਸੀ ਪਿੰਡ ਇਕਲਾਹੀ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਮੈਂ ਦਰਖਾਸਤ ਐਸਐਸਪੀ ਸੰਗਰੂਰ ਸੰਦੀਪ ਗਰਗ ਨੂੰ ਦਿੱਤੀ ਕਿ ਲਖਵੀਰ ਸਿੰਘ ਪੁੱਤਰ ਦਾਰਾ ਸਿੰਘ ਨਿਵਾਸੀ ਮਨਾਲ ਜ਼ਿਲ੍ਹਾ ਬਰਨਾਲਾ ਨੇ ਮੈਨੂੰ ਦੁਬਈ ਭੇਜਣ ਦਾ ਝਾਂਸਾ ਦੇ ਕੇ ਮੈਥੋਂ 50 ਹਜ਼ਾਰ ਰੁਪਏ ਮੰਗੇ ਸੀ ਅਤੇ ਪਹਿਲਾਂ 23 ਹਜ਼ਾਰ ਰੁਪਏ ਮੈਂ ਉਸਦੇ ਬੈਂਕ ਅਕਾਊੰਟ ਪਿੰਡ ਕਾਤਰੋਂ ਬੈਂਕ ਵਿਚ ਪਵਾਏ ਸਨ ਅਤੇ ਨਾ ਹੀ ਲਖਵੀਰ ਸਿੰਘ ਨੇ ਮੈਨੂੰ ਦੁਬਈ ਭੇਜਿਆ ਅਤੇ ਨਾ ਹੀ ਮੇਰੇ ਪੈਸੇ ਵਾਪਸ ਕੀਤੇ। ਪੁਲਿਸ ਨੇ ਉਕਤ ਵਿਅਕਤੀ ਦੇ ਬਿਆਨ ਦੇ ਆਧਾਰ ਤੇ ਥਾਣਾ ਸਦਰ ਧੂਰੀ ਵਿਖੇ ਲਖਵੀਰ ਸਿੰਘ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ।

ਇਸੇ ਤਰ੍ਹਾਂ ਥਾਣਾ ਸਿਟੀ ਸੰਗਰੂਰ ਵਿਖੇ ਸੰਦੀਪ ਮਲਾਣਾ ਪੁੱਤਰ ਮਹਾਵੀਰ ਪ੍ਰਸ਼ਾਦ ਨਿਵਾਸੀ ਮੂਨਕ ਨੇ ਦੱਸਿਆ ਕਿ ਮੇਰੇ ਭੂਆ ਦੇ ਲੜਕੇ ਕੁਲਵੰਤ ਸਿੰਘ ਨਿਵਾਸੀ ਸ਼ਿਵਮ ਕਾਲੋਨੀ ਨੇ ਮੈਥੋਂ 2.50 ਹਜ਼ਾਰ ਰੁਪਏ ਇਹ ਕਹਿ ਕੇ ਲੈ ਲਏ ਕਿ ਮੈਂ ਤੈਨੂੰ ਫੌਜ ਵਿਚ ਭਰਤੀ ਕਰਵਾ ਦੇਵਾਂਗਾ। ਪ੍ਰੰਤੂ ਉਸਨੇ ਨਾ ਤਾਂ ਮੈਨੂੰ ਫ਼ੌਜ ਵਿਚ ਭਰਤੀ ਕਰਵਾਇਆ ਅਤੇ ਨਾ ਹੀ ਮੇਰੇ ਪੈਸੇ ਵਾਪਸ ਕੀਤੇ। ਪੁਲਿਸ ਨੇ ਸੰਦੀਪ ਦੇ ਬਿਆਨ ਦੇ ਆਧਾਰ ਤੇ ਕੁਲਵੰਤ ਸਿੰਘ ਦੇ ਖ਼ਿਲਾਫ਼ ਥਾਣਾ ਸਿਟੀ ਸੰਗਰੂਰ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।