ਮਨੋਜ ਕੁਮਾਰ, ਧੂਰੀ : ਨੇੜਲੇ ਪਿੰਡ ਖੇੜੀ ਜੱਟਾਂ ਦੇ ਇਕ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਮਾਮਲੇ 'ਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਧੂਰੀ ਵਿਖੇ ਦਰਜ ਮੁਕੱਦਮੇ ਅਨੁਸਾਰ ਲੰਘੇ ਦਿਨ ਪਿੰਡ ਖੇੜੀ ਜੱਟਾਂ ਦੇ ਜਗਮੇਲ ਸਿੰਘ (43) ਪੁੱਤਰ ਅਜੈਬ ਸਿੰਘ ਨੇ ਪਿੰਡ ਲੁਹਾਰਮਾਜਰਾ ਤੋਂ ਖੇੜੀ ਜੱਟਾਂ ਨੂੰ ਜਾਂਦੀ ਡਰੇਨ ਕਿਨਾਰੇ ਲੱਗੇ ਇੱਕ ਦਰੱਖ਼ਤ 'ਤੇ ਰੱਸਾ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।

ਮਿ੍ਤਕ ਦੀ ਪਤਨੀ ਸੁਖਪਾਲ ਕੌਰ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ 'ਚ ਦੱਸਿਆ ਕਿ ਪ੍ਰਰੇਮ ਸਿੰਘ ਉਰਫ਼ ਗੁਰਬਚਨ ਸਿੰਘ ਵਾਸੀ ਖੇੜੀ ਜੱਟਾਂ ਸਮੇਤ ਹੋਰਨਾਂ ਵੱਲੋਂ 2/3 ਮਹੀਨੇ ਪਹਿਲਾਂ ਉਸ ਦੇ ਪਤੀ ਦੀ ਕੁੱਟਮਾਰ ਕੀਤੀ ਗਈ ਸੀ, ਜਿਸ ਸਬੰਧੀ ਉਨ੍ਹਾਂ ਖ਼ਿਲਾਫ਼ ਮਾਮਲਾ ਵੀ ਦਰਜ ਹੋਇਆ ਸੀ। ਹੁਣ ਉਕਤ ਵਿਅਕਤੀ ਉਸ ਦੇ ਪਤੀ ਨੂੰ ਉਸ ਮੁਕੱਦਮੇ ਦਾ ਰਾਜ਼ੀਨਾਮਾ ਕਰਨ ਲਈ ਮਜ਼ਬੂਰ ਕਰ ਰਹੇ ਸਨ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ, ਜਿਸ ਕਾਰਨ ਉਸ ਦਾ ਪਤੀ ਜਗਮੇਲ ਸਿੰਘ ਪਰੇਸ਼ਾਨ ਰਹਿੰਦਾ ਸੀ ਤੇ ਇਸੇ ਪਰੇਸ਼ਾਨੀ ਦੇ ਕਾਰਨ ਉਸ ਨੇ ਲੰਘੇ ਦਿਨ ਖ਼ੁਦਕੁਸ਼ੀ ਕਰ ਲਈ। ਪੁਲਿਸ ਵੱਲੋਂ ਉਕਤ ਬਿਆਨਾਂ ਦੇ ਆਧਾਰ 'ਤੇ ਪ੍ਰਰੇਮ ਸਿੰਘ, ਉਸ ਦੀ ਪਤਨੀ ਰਾਜ ਕੌਰ, ਪੁੱਤਰ ਇੰਦਰਜੀਤ ਸਿੰਘ ਤੇ ਬੇਅੰਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।