ਮੁਕੇਸ਼ ਸਿੰਗਲਾ/ਅਮਨਦੀਪ ਮਾਝਾ, ਭਵਾਨੀਗੜ੍ਹ : ਸਮੌਗ ਦੇ ਕਹਿਰ ਤੇ ਕੈਂਟਰ ਚਾਲਕ ਦੀ ਲਾਪਰਵਾਹੀ ਕਾਰਨ ਸੋਮਵਾਰ ਰਾਤ 11.30 ਵਜੇ ਭਵਾਨੀਗੜ੍ਹ-ਸੁਨਾਮ ਰੋਡ 'ਤੇ ਹਾਦਸੇ 'ਚ ਸੁਨਾਮ ਦੇ ਕੱਪੜਾ ਵਪਾਰੀ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਭਵਾਨੀਗੜ੍ਹ ਦੇ ਇਕ ਪੈਲੇਸ 'ਚ ਵਿਆਹ ਸਮਾਰੋਹ 'ਚ ਸ਼ਿਰਕਤ ਕਰਨ ਤੋਂ ਬਾਅਦ ਸੁਨਾਮ ਵਾਪਸ ਪਰਤ ਰਹੇ ਕੱਪੜਾ ਵਪਾਰੀ ਦੀ ਗੱਡੀ ਸੜਕ ਕਿਨਾਰੇ ਪੇਂਟ ਦੇ ਡੱਬਿਆਂ ਨਾਲ ਭਰੇ ਕੈਂਟਰ ਨਾਲ ਟਕਰਾ ਗਈ। ਹਾਦਸੇ 'ਚ ਕੱਪੜਾ ਵਪਾਰੀ, ਉਨ੍ਹਾਂ ਦੀ ਪਤਨੀ, ਪੁੱਤਰ ਤੇ ਪੋਤੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਫਰਾਰ ਹੋ ਗਿਆ।

ਸੋਮਵਾਰ ਰਾਤ ਭਵਾਨੀਗੜ੍ਹ ਦੇ ਆਰਡੀਐੱਲ ਗਾਰਡਨ ਪੈਲੇਸ 'ਚ ਰੱਖੇ ਵਿਆਹ ਤੋਂ ਪਰਤਦੇ ਸਮੇਂ ਜਦੋਂ ਸੁਨਾਮ ਦੇ ਕੱਪੜਾ ਵਪਾਰੀ ਹਰੀਸ਼ ਕੁਮਾਰ ਪਰਿਵਾਰ ਸਮੇਤ ਭਵਾਨੀਗੜ੍ਹ-ਸੁਨਾਮ ਰੋਡ 'ਤੇ ਪਿੰਡ ਘਰਾਚੋਂ ਦੇ ਨਜ਼ਦੀਕ ਪੁੱਜੇ ਤਾਂ ਸਮੌਗ ਕਾਰਨ ਘੱਟ ਦਿ੍ਸ਼ਟਤਾ ਕਾਰਨ ਰੋਡ 'ਤੇ ਖ਼ਰਾਬ ਕੈਂਟਰ ਨਜ਼ਰ ਨਹੀਂ ਆਇਆ। ਵਪਾਰੀ ਦੀ ਕਾਰ ਪਿੱਛਿਓਂ ਸਿੱਧੀ ਕੈਂਟਰ ਨਾਲ ਜਾ ਟਕਰਾਈ। ਪੁਲਿਸ ਨੇ ਗੱਡੀ ਦੀ ਬਾਡੀ ਨੂੰ ਕੱਟ ਕੇ ਕਾਰ ਸਵਾਰਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ। ਹਰੀਸ਼ ਕੁਮਾਰ ਅਦਲਖਾ (55), ਪਤਨੀ ਮੀਨਾ ਰਾਣੀ (52), ਪੁੱਤਰ ਰਾਹੁਲ ਕੁਮਾਰ (21) ਤੇ ਢਾਈ ਸਾਲਾ ਪੋਤੀ ਮਾਨਿਅਤਾ ਬੇਟੀ ਦੀਪਕ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੈਂਟਰ 'ਤੇ ਰਿਫਲੈਕਟਰ ਤੇ ਇੰਡੀਕੇਟਰ ਨਹੀਂ ਸਨ।

ਉੱਜੜ ਗਿਆ ਪਰਿਵਾਰ, ਹਰ ਅੱਖ ਰੋਈ

ਚਾਰ ਲੋਕਾਂ ਦੀ ਮੌਤ ਨੇ ਹਰ ਵਿਅਕਤੀ ਦੀਆਂ ਅੱਖਾਂ ਨਮ ਕਰ ਦਿੱਤੀਆਂ। ਮੰਗਲਵਾਰ ਨੂੰ ਸੁਨਾਮ ਦੇ ਸ਼ਮਸ਼ਾਨਘਾਟ 'ਚ ਚਾਰਾਂ ਦਾ ਸਸਕਾਰ ਕਰ ਦਿੱਤਾ ਗਿਆ। ਹਰੀਸ਼ ਦੇ ਪੁੱਤਰ ਦੀਪਕ ਕੁਮਾਰ ਨੇ ਕਿਹਾ ਕਿ ਸੋਮਵਾਰ ਰਾਤ ਉਹ ਸਾਰੇ ਇਕੱਠੇ ਹੀ ਵਿਆਹ ਜਾਣ ਵਾਲੇ ਸਨ, ਪਰ ਕਿਸੇ ਕਾਰਨ ਉਸ ਨੂੰ ਰੁਕਣਾ ਪਿਆ। ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਸਫ਼ਰ ਉਨ੍ਹਾਂ ਦੇ ਪਰਿਵਾਰ ਦਾ ਆਖ਼ਰੀ ਸਫ਼ਰ ਹੋਵੇਗਾ।