ਜੇਐੱਨਐੱਨ, ਸੰਗਰੂਰ : ਵੀਰਵਾਰ ਨੂੰ ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਨਾਲ ਲੱਗਦੇ ਖੇਤ 'ਚ ਬਾਗਬਾਨੀ ਕਰਦੇ ਸਮੇਂ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫ਼ਰਾਰ ਹੋਏ ਕਤਲ ਤੇ ਇਰਾਦਾ ਕਤਲ ਦੇ ਮਾਮਲੇ 'ਚ ਸਜ਼ਾ ਭੁਗਤ ਰਹੇ ਦੋ ਕੈਦੀ ਦੋ ਦਿਨਾਂ ਬਾਅਦ ਵੀ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ।

ਸ਼ਨਿਚਰਵਾਰ ਨੂੰ ਆਈਜੀ (ਜੇਲ੍ਹ) ਰੂਪ ਅਰੋੜਾ ਜ਼ਿਲ੍ਹਾ ਜੇਲ੍ਹ ਸੰਗਰੂਰ 'ਚ ਜਾਂਚ ਕਰਨ ਪੁੱਜੇ। ਉਨ੍ਹਾਂ ਜਾਂਚ ਕਰਨ ਤੋਂ ਬਾਅਦ ਉਕਤ ਕੈਦੀਆਂ ਦੀ ਨਿਗਰਾਨੀ 'ਚ ਕੋਤਾਹੀ ਵਰਤਣ ਵਾਲੇ ਅਸਿਸਟੈਂਟ ਜੇਲ੍ਹ ਸੁਪਰਡੈਂਟ, ਦੋ ਹੈੱਡ ਵਾਰਡਨ ਸਮੇਤ ਚਾਰ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ। ਦੂਜੇ ਪਾਸੇ ਜੇਲ੍ਹ ਸੁਪਰਡੈਂਟ ਕੋਈ ਵੀ ਜਾਣਕਾਰੀ ਦੇਣ ਤੋਂ ਕਿਨਾਰਾ ਕਰਦੇ ਰਹੇ। ਆਈਜੀ (ਜੇਲ੍ਹ) ਰੂਪ ਅਰੋੜਾ ਨੇ ਦੱਸਿਆ ਕਿ ਵੀਰਵਾਰ ਨੂੰ ਜ਼ਿਲ੍ਹਾ ਜੇਲ੍ਹ ਕੰਪਲੈਕਸ ਦੇ ਨਾਲ ਲੱਗਦੇ ਖੇਤ 'ਚ ਛੇ ਕੈਦੀਆਂ ਨੂੰ ਛੇ ਸੁਰੱਖਿਆ ਮੁਲਾਜ਼ਮਾਂ ਦੀ ਨਿਗਰਾਨੀ 'ਚ ਬਾਗਬਾਨੀ ਲਈ ਬਾਹਰ ਕੱਢਿਆ ਸੀ।

ਇਸ ਦੌਰਾਨ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਕਤਲ ਕੇਸ 'ਚ ਸਜ਼ਾ ਕੱਟ ਰਿਹਾ ਗੁਰਦਰਸ਼ਨ ਸਿੰਘ ਉਰਫ਼ ਦਰਸ਼ਨ ਵਾਸੀ ਮੁਬਾਰਕਪੁਰ ਚੁੰਘਾ ਥਾਣਾ ਮਾਲੇਰਕੋਟਲਾ ਤੇ ਇਰਾਦਾ ਕਤਲ ਕੇਸ 'ਚ ਬੰਦ ਸੰਦੀਪ ਸਿੰਘ ਵਾਸੀ ਮੂਨਕ ਖੇਤ ਦੇ ਨਾਲ ਲੱਗਦੀਆਂ ਕੰਡਿਆਲੀ ਤਾਰਾਂ 'ਚੋਂ ਫ਼ਰਾਰ ਹੋ ਗਏ। ਥਾਣਾ ਸਿਟੀ-1 ਸੰਗਰੂਰ ਪੁਲਿਸ ਨੇ ਬੇਸ਼ੱਕ ਦੋਵਾਂ ਕੈਦੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਪਰ ਸ਼ਨਿਚਰਵਾਰ ਤਕ ਦੋਵੇਂ ਕੈਦੀ ਪੁਲਿਸ ਦੀ ਗਿ੍ਫ਼ਤ ਤੋਂ ਦੂਰ ਰਹੇ। ਪੁਲਿਸ ਲਗਾਤਾਰ ਕੈਦੀਆਂ ਦੀ ਭਾਲ ਕਰ ਰਹੀ ਹੈ।

ਆਈਜੀ ਰੂਪ ਅਰੋੜਾ ਨੇ ਕਿਹਾ ਕਿ ਉਨ੍ਹਾਂ ਜੇਲ੍ਹ ਅਧਿਕਾਰੀਆਂ, ਕੈਦੀਆਂ ਦੇ ਫ਼ਰਾਰ ਹੋਣ ਦੇ ਸਮੇਂ ਤਾਇਨਾਤ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਹਨ ਜਿਸ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਸੌਂਪਣਗੇ। ਸ਼ੁਰੂਆਤੀ ਜਾਂਚ ਦੌਰਾਨ ਅਸਿਸਟੈਂਟ ਜੇਲ੍ਹ ਸੁਪਰਡੈਂਟ ਹਰੀ ਸਿੰਘ, ਜੇਲ੍ਹ ਦੇ ਹੈੱਡ ਵਾਰਡਨ ਜੋਗਿੰਦਰ ਸਿੰਘ, ਪਰਮਜੀਤ ਸਿੰਘ ਤੇ ਜਰਨੈਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਨਾਲ ਹੀ ਪੈਸਕੋ ਅਧੀਨ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਲਈ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਬੁਨਿਆਦੀ ਢਾਂਚੇ ਸਬੰਦੀ ਕੋਈ ਤਰੁੱਟੀ ਹੈ ਤਾਂ ਇਸ ਦੀ ਜਾਣਕਾਰੀ ਵੀ ਉੱਚ-ਅਧਿਕਾਰੀਆਂ ਨੂੰ ਦਿੱਤੀ ਜਾਵੇਗੀ।