ਬਲਜਿੰਦਰ ਸਿੰਘ ਮਿੱਠਾ, ਸੰਗਰੂਰ : ਪੰਜਾਬ ਪੁਲਿਸ ਨੇ ਵਿਦੇਸ਼ ਤੋਂ ਵਿੱਤੀ ਮਦਦ ਹਾਸਲ ਕਰਕੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਲਖਵੀਰ ਸਿੰਘ ਲੱਖਾ ਵਾਸੀ ਲਹਿਰਾ, ਜ਼ਿਲ੍ਹਾ ਸੰਗਰੂਰ ਨੂੰ ਇੰਟੈਲੀਜੈਂਸ ਏਜੰਸੀ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਹਥਿਆਰ ਬਰਾਮਦ ਕੀਤੇ ਹਨ ਜਿਸ ਦੀ ਗ੍ਰਿਫ਼ਤਾਰੀ ਨਾਲ ਕੌਮਾਂਤਰੀ ਅੱਤਵਾਦੀ ਜਥੇਬੰਦੀ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲਖਵੀਰ ਸਿੰਘ ਦੇ ਖਾਤੇ ’ਚ ਨਕਦੀ ਜਮ੍ਹਾਂ ਕਰਵਾਉਣ ’ਚ ਸ਼ਾਮਲ ਵਿਅਕਤੀਆਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ।

ਮੂਨਕ ਦੇ ਸੁਖਜੀਤ ਸਿੰਘ ਵੱਲੋਂ ਲੱਖੇ ਨੂੰ ਮੁਹੱਈਆ ਕਰਵਾਇਆ ਗਿਆ 32 ਬੋਰ ਦੇਸੀ ਪਿਸਤੌਲ ਅਤੇ ਗੋਲਾ ਬਾਰੂਦ ਪੁਲਿਸ ਨੇ ਬਰਾਮਦ ਕਰ ਲਿਆ ਹੈ। ਸੁਖਜੀਤ ਸਿੰਘ ਪਹਿਲਾਂ ਯੂਪੀ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ’ਚ ਸ਼ਾਮਲ ਰਿਹਾ ਹੈ ਜਿਸ ਵਿਰੁੱਧ ਪਹਿਲਾਂ ਹੀ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ ਵਿਖੇ ਅਸਲਾ ਐਕਟ ਅਧੀਨ ਮੁਕੱਦਮਾ ਚੱਲ ਰਿਹਾ ਹੈ।

Posted By: Jagjit Singh