ਬੂਟਾ ਸਿੰਘ ਚੌਹਾਨ, ਸੰਗਰੂਰ : ਸੁਨਾਮ ਬੱਸ ਸਟੈਂਡ ਰੋਡ ਉੱਪਰ ਸਥਿਤ ਸੁਪਰ ਮਾਰਕੀਟ ਵਿੱਚ ਅੱਧੀ ਰਾਤ ਉਪਰੰਤ ਇੱਕ ਬਿਊਟੀ ਸੈਂਟਰ ਤੇ ਲਹਿੰਗਾ ਹਾਊਸ ਦੀ ਦੁਕਾਨ ਵਿੱਚ ਸ਼ੱਕੀ ਹਾਲਤਾਂ ਵਿੱਚ ਭਿਆਨਕ ਅੱਗ ਲੱਗਣ ਨਾਲ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਇਸ ਭਿਆਨਕ ਅੱਗ ਵਿੱਚ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਸ਼ੁੱਕਰਵਾਰ ਸਵੇਰੇ ਦੁਕਾਨਦਾਰ ਨੇ ਦੁਕਾਨ ਦੇ ਸਾਹਮਣੇ ਰੋਡ ਉੱਤੇ ਧਰਨਾ ਲਾ ਕੇ ਆਵਾਜਾੲਂੀ ਜਾਮ ਕਰ ਦਿੱਤੀ ਸੀ। ਦੁਕਾਨਦਾਰ ਨੇ ਦੁਕਾਨ ਮਾਲਕ ਅਤੇ ਉਸ ਦੇ ਪੁੱਤਰ ਉੱਤੇ ਦੁਕਾਨ ਨੂੰ ਅੱਗ ਲਾਉਣ ਦਾ ਦੋਸ਼ ਲਾਇਆ ਹੈ।

ਬਿਊਟੀ ਸੈਂਟਰ ਤੇ ਲਹਿੰਗਾ ਹਾਊਸ ਵਿੱਚ ਕੰਮ ਕਰਦੀ ਨੀਲਮ ਰਾਣੀ ਪਤਨੀ ਸਵ. ਰਵੀ ਸ਼ੰਕਰ ਨਿਵਾਸੀ ਸੁਨਾਮ ਨੇ ਦੱਸਿਆ ਕਿ ਉਹ ਇਸ ਦੁਕਾਨ ਵਿੱਚ ਲਗਪਗ 20 ਸਾਲਾਂ ਤੋਂ ਆਪਣਾ ਕਾਰੋਬਾਰ ਚਲਾਉਂਦੇ ਆ ਰਹੇ ਹਨ। ਪਿਛਲੇ ਹੀ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਬੱਚਿਆਂ ਦੇ ਪਾਲਣ ਪੋਸ਼ਣਲਈ ਉਸ ਨੇ ਇਹ ਕਾਰੋਬਾਰ ਸੰਭਾਲ ਲਿਆ ਸੀ। ਉਨ੍ਹਾਂ ਅੱਗੇ ਆਖਿਆ ਕਿ ਮਾਲਕ ਉਨ੍ਹਾਂ ਨੂੰ ਦੁਕਾਨ ਖ਼ਾਲੀ ਕਰਨ ਲਈ ਪਰੇਸ਼ਾਨ ਕਰਦੇ ਆ ਰਹੇ ਸਨ। ਇਸ ਸਬੰਧੀ ਉਨ੍ਹਾਂ ਦਾ ਅਦਾਲਤ 'ਚ ਕੇਸ ਵੀ ਚੱਲ ਰਿਹਾ ਹੈ, ਜਿਸ ਦੀ ਪੇਸ਼ੀ 27 ਜਨਵਰੀ ਨੂੰ ਹੈ। ਉਸ ਨੇ ਕਿਹਾ ਕਿ ਹਰ ਦਿਨ ਦੀ ਤਰ੍ਹਾਂ ਵੀਰਵਾਰ ਸ਼ਾਮ ਨੂੰ ਵੀ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲੀ ਗਈ ਅਤੇ ਅੱਧੀ ਰਾਤ ਦੌਰਾਨ ਉਸ ਨੂੰ ਮਾਰਕੀਟ ਵਿੱਚੋਂ ਫੋਨ ਆਇਆ ਕਿ ਉਸ ਦੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ। ਉਨ੍ਹਾਂ ਨੇ ਦੁਕਾਨ ਮਾਲਕ 'ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਦੁਕਾਨ ਖ਼ਾਲੀ ਕਰਨ ਲਈ ਕਹਿੰਦੇ ਸੀ ਅਜਿਹਾ ਨਾ ਹੋਣ 'ਤੇ ਉਨ੍ਹਾਂ ਨੇ ਉਸ ਦੀ ਦੁਕਾਨ ਨੂੰ ਕਥਿਤ ਤੌਰ 'ਤੇ ਅੱਗ ਲਾਈ ਹੈ। ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਅਧਿਕਾਰੀਆਂ ਨੇ ਦਿੱਤਾ ਕਾਰਵਾਈ ਦਾ ਭਰੋਸਾ

ਦੁਕਾਨਦਾਰ ਮਹਿਲਾ ਨੀਲਮ ਰਾਣੀ ਦੇ ਬਿਆਨਾਂ 'ਤੇ ਦੁਕਾਨ ਮਾਲਕ ਪਰਮਜੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ ਸੰਜੂ ਸਿੰਘ ਪੁੱਤਰ ਪਰਮਜੀਤ ਤੇ ਇਕ ਹੋਰ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।