ਲੁਭਾਸ਼ ਸਿੰਗਲਾ, ਤਪਾ ਮੰਡੀ : ਸਥਾਨਕ ਨਗਰ ਕੌਂਸਲ ਵਲੋਂ ਪਿਛਲੇ ਦਿਨੀਂ ਆਵਾਜਾਈ ਨੂੰ ਦਰੁਸਤ ਕਰਨ ਦੇ ਚੱਕਰ 'ਚ ਕੁਝ ਦੁਕਾਨਦਾਰਾਂ ਤੇ ਨਗਰ ਕੌਂਸਲ ਮੁਲਾਜ਼ਮਾਂ ਤੇ ਸਫ਼ਾਈ ਕਰਮਚਾਰੀਆਂ ਨਾਲ ਹੋਈ ਕੁੱਟਮਾਰ, ਧੱਕਾ ਮੁੱਕੀ ਤੋਂ ਬਾਅਦ ਸੰਗੀਨ ਧਾਰਾਵਾਂ ਤਹਿਤ ਦਰਜਨ ਵਿਅਕਤੀਆਂ ਖ਼ਿਲਾਫ਼ ਦਰਜ ਹੋਏ ਮਾਮਲੇ ਨੇ ਤਰਥੱਲੀ ਮਚਾ ਦਿੱਤੀ ਸੀ। ਦਰਜ ਮਾਮਲੇ ਤੋਂ ਬਾਅਦ ਨਾਮਜ਼ਦ ਵਿਅਕਤੀਆਂ ਵੱਲੋਂ ਮਾਮਲੇ ਦੀ ਮੁੜ ਪੜਤਾਲ ਕੀਤੀ ਗਈ। ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਦੇ ਅਰਜ਼ੀ ਤੋਂ ਬਾਅਦ ਕੁਝ ਰਾਹਤ ਮਹਿਸੂਸ ਕੀਤੀ ਸੀ, ਕਿਉਂਕਿ ਬਾਜ਼ਾਰ ਅੰਦਰ ਅਫ਼ਵਾਹ ਫੈਲ ਗਈ ਸੀ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਨਾਮਜ਼ਦ ਵਿਅਕਤੀਆਂ ਦੀ ਗਿ੍ਫ਼ਤਾਰੀ 'ਤੇ ਰੋਕ ਲਾ ਦਿੱਤੀ ਹੈ। ਮੁਦਈ ਧਿਰ ਦੇ ਹੱਕ 'ਚ ਸਮੁੱਚਾ ਕੌਂਸਲ ਸਟਾਫ ਤੇ ਸਫ਼ਾਈ ਸੇਵਕਾਂ ਨੇ ਪ੍ਰਰੈੱਸ ਕਾਨਫਰੰਸ ਰਾਹੀਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਾਮਜ਼ਦ ਵਿਅਕਤੀਆਂ ਦੀ ਗਿ੍ਫ਼ਤਾਰੀ ਨਾ ਹੋਈ ਤਾਂ ਆਉਂਦੇ ਦਿਨਾਂ 'ਚ ਨਗਰ ਕੌਂਸਲ ਵਲੋਂ ਸ਼ਹਿਰੀਆਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਠੱਪ ਕਰਕੇ ਉਚ ਅਧਿਕਾਰੀਆਂ ਦੇ ਦਰਾਂ ਅੱਗੇ ਧਰਨੇ-ਮੁਜ਼ਾਹਰੇ ਕਰਨ ਲਈ ਮਜਬੂਰ ਹੋਣਗੇ। ਭਾਗ ਅਫਸਰ ਸਲੀਮ ਮੁੰਹਮਦ ਤੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਭੋਲੂ ਕੁਮਾਰ ਨੇ ਬੋਲਦਿਆਂ ਕਿਹਾ ਕਿ ਨਗਰ ਕੌਂਸਲ ਨੇ ਵਪਾਰੀਆਂ ਨਾਲ ਪਿਛਲੇ ਦਿਨੀਂ ਇਕ ਮੀਟਿੰਗ ਦੌਰਾਨ ਸਪੱਸ਼ਟ ਕੀਤਾ ਸੀ ਕਿ ਦੀਵਾਲੀ ਤਕ ਆਪਣਾ ਸਾਮਾਨ ਜ਼ਾਬਤੇ 'ਚ ਰੱਖੋ ਕੌਂਸਲ ਕੋਈ ਸਾਮਾਨ ਜ਼ਬਤ ਨਹੀਂ ਕਰੇਗੀ, ਪਰ ਕੁਝ ਦੁਕਾਨਦਾਰਾਂ ਨੇ ਐਨੀ ਵੱਧ ਸੜਕ ਰੋਕ ਲਈ ਕਿ ਅਵਾਜਾਈ 'ਚ ਵੱਡਾ ਅੜਿੱਕਾ ਖੜ੍ਹਾ ਹੋ ਗਿਆ। ਜਿਸ ਕਾਰਨ ਮਜਬੂਰੀ ਵੱਸ ਕੌਂਸਲ ਨੂੰ ਬਾਜ਼ਾਰ ਅੰਦਰ ਜਾ ਕੇ ਮਹਿਜ ਇਕ ਚਿਤਾਵਨੀ ਵਜੋਂ ਕੁਝ ਜ਼ਿਆਦਾ ਫੈਲਾਅ ਕਰਕੇ ਬੈਠੇ ਦੁਕਾਨਦਾਰਾਂ ਦੇ ਕਰੇਟ ਜਾਂ ਮੇਜ ਵਗੈਰਾ ਜ਼ਬਤ ਕਰਨੇ ਪਏ। ਜਿਉਂ ਹੀ ਕੌਂਸਲ ਦੇ ਕਰਮਚਾਰੀਆਂ ਨੇ ਸਾਮਾਨ ਚੁੱਕਿਆ ਤਾਂ ਦੁਕਾਨਦਾਰਾਂ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਮਾਮਲੇ 'ਚ ਬਣਦੀਆਂ ਵੱਖ-ਵੱਖ ਧਾਰਾਵਾਂ ਤਹਿਤ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਭਾਵੇਂ ਮਾਮਲਾ ਦਰਜ ਕਰ ਦਿੱਤਾ। ਟੈਕਨੀਕਲ ਸਟਾਫ ਤੇ ਸਫ਼ਾਈ ਕਰਮਚਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਇਨ੍ਹਾਂ ਨਾਮਜ਼ਦ ਵਿਅਕਤੀਆਂ ਦੀ ਗਿ੍ਫ਼ਤਾਰੀ ਮੰਗਲਵਾਰ ਤਕ ਨਾ ਕੀਤੀ ਤਦ ਪਹਿਲੇ ਹੀਲੇ ਦਫ਼ਤਰੀ ਕੰਮਕਾਜ ਬੰਦ ਕੀਤੇ ਜਾਣ ਦੇ ਨਾਲ ਜੇਕਰ ਫੇਰ ਵੀ ਵੀਰਵਾਰ ਤਕ ਜੇਕਰ ਨਾਮਜ਼ਦ ਵਿਅਕਤੀਆਂ ਨੂੰ ਗਿ੍ਫ਼ਤਾਰ ਨਾ ਕੀਤੀ ਤਾਂ ਨਗਰ ਕੌਸਲ ਵੱਲੋ ਦਿੱਤੀਆ ਜਾਣ ਵਾਲੀਆ ਸਹੂਲਤਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਮਾਮਲੇ ਸਬੰਧੀ ਇਕ ਉੱਚ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ 'ਚ ਨਾਮਜ਼ਦ ਵਿਅਕਤੀਆਂ 'ਚੋਂ ਕੁਝ ਵਿਅਕਤੀਆਂ ਨੇ ਨਿਰਦੋਸ਼ ਹੋਣ ਬਾਰੇ ਅਰਜ਼ੀ ਦਿੱਤੀ ਸੀ। ਜਿਸ ਦੇ ਚਲਦਿਆਂ ਹੀ ਮਾਮਲੇ ਦੀ ਮੁੜ ਪੜਤਾਲ ਦੇ ਹੁਕਮ ਦਿੱਤੇ ਹਨ ਪਰ ਘਟਨਾ ਤਾਂ ਜਰੂਰ ਵਾਪਰੀ ਹੈ। ਜਿਸ ਕਾਰਨ ਘਟਨਾ 'ਚ ਨਾਮਜ਼ਦ ਵਿਅਕਤੀਆਂ ਦੀ ਗਿ੍ਫ਼ਤਾਰੀ 'ਤੇ ਰੋਕ ਦਾ ਤਾਂ ਸਵਾਲ ਹੀ ਨਹੀ, ਜਿਸ ਕਾਰਨ ਜਲਦ ਹੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾਵੇਗੀ। ਇਸ ਮੌਕੇ ਤਰਸੇਮ ਲਾਲ ਬਾਂਸਲ, ਅਮਨਦੀਪ ਸ਼ਰਮਾ, ਗੁਰਦੀਪ ਸਿੰਘ ਬਰਾੜ, ਨਰਿੰਦਰ ਸਿੰਘ, ਰਾਜ ਕੁਮਾਰ ਰਫੀਕ ਜਿਲਾ ਮੀਤ ਪ੍ਰਧਾਨ, ਸਿੰਕਦਰ ਸਿੰਘ, ਸੁਰਜੀਤ ਸਿੰਘ, ਦੀਪਕ ਕੁਮਾਰ ਆਦਿ ਵੀ ਹਾਜ਼ਰ ਸਨ।

ਨਗਰ ਕੌਂਸਲ ਦੇ ਭਾਗ ਅਫਸਰ ਸਲੀਮ ਮੁੰਹਮਦ ਤੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਭੋਲੂ ਕੁਮਾਰ ਨੇ ਦੱਸਿਆ ਕਿ ਮਾਮਲੇ 'ਚ ਐੱਸਸੀਐੱਸਟੀ ਦੀ ਧਾਰਾ 1989 ਤਹਿਤ ਵੀ ਮਾਮਲਾ ਦਰਜ ਹੋਇਆ ਹੈ। ਜਿਸ ਦੇ ਸਬੰਧ 'ਚ ਫੋਨ ਰਾਹੀਂ ਤਾਂ ਐੱਸਸੀ ਕਮਿਸ਼ਨ ਦੇ ਚੇਅਰਮੈਨ ਨੂੰ ਸਮੁੱਚੀ ਘਟਨਾ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ ਜਦਕਿ ਉਨ੍ਹਾਂ ਨੂੰ ਕੱਲ੍ਹ ਦਫ਼ਤਰੀ ਸਮੇਂ ਉਪਰ ਪੱਤਰ ਰਾਹੀਂ ਸੂਚਿਤ ਕਰਕੇ ਤਪਾ ਵਿਖੇ ਘਟਨਾ ਦੀ ਆਪਣੇ ਪੱਧਰ 'ਤੇ ਜਾਂਚ ਕਰਨ ਦੀ ਅਪੀਲ ਕੀਤੀ ਜਾਵੇਗੀ ਤਾਂ ਜੋ ਘਟਨਾ ਵਿਚ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਸਖ਼ਤੀ ਕੀਤੀ ਜਾ ਸਕੇ।