ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ : ਭਾਰਤੀ ਕਿਸਾਨ ਦੀ ਲੱਖੋਵਾਲ ਦੇ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਮਹਿਲ ਕਲਾਂ ਅਧੀਨ ਪੈਂਦੀਆਂ ਅਨਾਜ ਮੰਡੀਆਂ ਛੀਨੀਵਾਲ ਕਲਾਂ, ਕਲਾਲਾ, ਚੰਨਣਵਾਲ ਗਹਿਲ ਆਦਿ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਮੰਡੀਆਂ 'ਚ ਤੋਲ ਚੈੱਕ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਸੀਰਾ ਛੀਨੀਵਾਲ ਨੇ ਕਿਹਾ ਕਿ ਪਿੰਡ ਕਲਾਲਾ, ਮਹਿਲ ਕਲਾਂ, ਗੰਗੋਹਰ, ਸਹਿਜੜਾ, ਕੁਤਬਾ, ਲੋਹਗੜ੍ਹ, ਛਾਪਾ, ਕੁਰੜ, ਖਿਆਲੀ ਆਦਿ ਦੀਆਂ ਮੰਡੀਆਂ 'ਚ ਬਾਰਦਾਨੇ ਦੇ ਢੇਰ ਲੱਗੇ ਹੋਏ ਹਨ, ਪਰ ਠੇਕੇਦਾਰ ਵੱਲੋਂ ਮੰਡੀਆਂ 'ਚ ਲੋੜ ਮੁਤਾਬਕ ਟਰੱਕ ਨਹੀਂ ਪਹੁੰਚ ਰਹੇ। ਇਸ ਲਈ ਸਰਕਾਰ ਤੁਰੰਤ ਠੇਕੇਦਾਰ ਨੂੰ ਬਲੈਕ ਲਿਸਟ ਕਰਕੇ ਟਰੱਕ ਯੂਨੀਅਨ ਨੂੰ ਕੁਆਟਰ ਆਈ ਦੇ ਟੈਂਡਰ ਦਿੱਤੇ ਜਾਣ। ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਕੁਝ ਸਮੱਸਿਆਵਾਂ ਨੂੰ ਮੌਕੇ 'ਤੇ ਹੱਲ ਵੀ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਜਥੇਬੰਦੀ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਲੇਖਾਕਾਰ ਪਰਵਿੰਦਰ ਸਿੰਘ ਪੰਜਗਰਾਈਆ, ਰਜਿੰਦਰ ਸਿੰਘ ਗੋਗੀ ਛੀਨੀਵਾਲ, ਗੁਰਮੀਤ ਸਿੰਘ ਬਰਨਾਲਾ ਤੋਂ ਇਲਾਵਾ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ।