ਮਨੋਜ ਕੁਮਾਰ, ਧੂਰੀ : ਵੱਖ-ਵੱਖ ਸਮਾਜਿਕ, ਧਾਰਮਿਕ, ਵਪਾਰਕ ਜੱਥੇਬੰਦੀਆਂ 'ਤੇ ਆਧਾਰਿਤ ਸਾਂਝਾ ਸਮਾਜ ਕਲਿਆਣ ਮੋਰਚਾ ਵੱਲੋਂ ਕਨਵੀਨਰ ਡਾ. ਅਨਵਰ ਭਸੌੜ ਦੀ ਅਗਵਾਈ ਹੇਠ ਧੂਰੀ-ਲੁਧਿਆਣਾ ਮੁਖ ਮਾਰਗ ਜਾਮ ਕਰ ਕੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਆਵਾਜਾਈ ਠੱਪ ਕੀਤੀ ਗਈ। ਇਸ ਤੋਂ ਪਹਿਲਾਂ ਧਰਨਾਕਾਰੀਆਂ ਨੇ ਸ਼ਹਿਰ ਦੇ ਤਿ੍ਵੈਣੀ ਚੌਕ ਤਂੋ ਇਕੱਤਰ ਹੋ ਕੇ ਸ਼ਹਿਰ 'ਚ ਰੋਸ ਮਾਰਚ ਵੀ ਕੀਤਾ।

ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਹਰ ਵਸਤੂ ਅਤੇ ਹਰ ਬਿੱਲ 'ਤੇ ਗਊ ਟੈਕਸ ਵਸੂਲ ਕਰ ਰਿਹਾ ਹੈ, ਪਰ ਇੰਨੀ ਦਿਨੀਂ ਪੰਜਾਬ ਦੀਆਂ ਸੜਕਾਂ ਤੇ ਗਲ਼ੀਆਂ ਵਿਚ ਗਊਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਹਰ ਰੋਜ਼ ਹਾਦਸੇ ਵਾਪਰ ਰਹੇ ਹਨ ਤੇ ਘਰਾਂ ਦੇ ਚਿਰਾਗ ਬੁਝ ਰਹੇ ਹਨ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਬੇਸਹਾਰਾ ਪਸ਼ੂਆਂ ਨੂੰ ਸਾਂਭਣ ਦੀ ਸਿੱਧੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ, ਪਰ ਪ੍ਰਸ਼ਾਸਨ ਆਪਣੀ ਹਰੇਕ ਜ਼ਿੰਮੇਵਾਰੀ ਤੋਂ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ। ਉਨ੍ਹਾਂ ਬੇਸਹਾਰਾ ਪਸ਼ੂਆਂ ਕਾਰਨ ਵਾਪਰਦੇ ਹਾਦਸਿਆਂ 'ਚ ਪੁਲਿਸ ਤੋਂ 174 ਸੀਆਰਪੀਸੀ ਦੀ ਕਾਰਨ ਦੀ ਬਜਾਏ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਮੁੱਕਦਮਾ ਦਰਜ ਕਰਵਾਉਣ ਦੀ ਗੱਲ ਕਰਦਿਆਂ ਕਿਹਾ ਕਿ ਕਾਨੂੰਨ 'ਚ ਅਜਿਹੀ ਤਜਵੀਜ਼ ਹੈ, ਜਿਸ ਲਈ ਸਬੰਧਤ ਸੰਭਾਲਕਾਰ ਅਧਿਕਾਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਬਣਦਾ ਹੈ। ਮੌਕੇ 'ਤੇ ਪੁੱਜੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲੈ ਕੇ ਵਿਸ਼ਵਾਸ ਦਿਵਾਇਆ ਕਿ ਪ੍ਰਸ਼ਾਸਨ ਬੇਸਹਾਰਾ ਪਸ਼ੂਆਂ ਦੇ ਹੱਲ ਲਈ ਯਤਨਸ਼ੀਲ ਹੈ। ਇਸ ਮੌਕੇ ਅਮਰੀਕ ਸਿੰਘ ਕਾਂਝਲਾ, ਨਰੰਜਣ ਸਿੰਘ ਦੋਹਲਾ, ਜਰਨੈਲ ਸਿੰਘ ਜਹਾਂਗੀਰ, ਜਗਤਾਰ ਸਿੰਘ ਸਮਰਾ, ਚਰਨਜੀਤ ਸਿੰਘ ਕੈਂਥ, ਮਾ. ਰਮੇਸ਼ ਕੁਮਾਰ, ਹਰਦੇਵ ਸਿੰਘ ਘਨੌਰੀ, ਗੁਰਦਿਆਲ ਨਿਰਮਾਣ, ਰਣਜੀਤ ਸਿੰਘ ਜਵੰਧਾ, ਜਸਵੀਰ ਸਿੰਘ ਮਾਨ, ਗੁਰਦੇਵ ਸਿੰਘ ਬੜੀ, ਹਰਵਿੰਦਰ ਸਿੰਘ ਸਾਰੋਂ, ਸੁਖਵੰਤ ਗੁੱਡੂ, ਬਾਬੂ ਸਿੰਘ ਪੇਧਨੀ, ਕਰਮ ਸਿੰਘ ਮਾਨ, ਹਰਪ੍ਰਰੀਤ ਸਿੰਘ ਪ੍ਰਰੀਤ ਆਦਿ ਵੀ ਹਾਜ਼ਰ ਸਨ।