ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਨਮੋਲ ਵਿਖੇ ਹੋਈ ਖੁਦਕੁਸ਼ੀ ਦੇ ਮਾਮਲੇ ਵਿਚ ਦੋ ਅੌਰਤਾਂ ਦੀ ਗਿ੍ਫ਼ਤਾਰੀ ਨਾ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਚੌਥੇ ਦਿਨ ਵਰ੍ਹਦੇ ਮੀਂਹ ਵਿੱਚ ਚੀਮਾ ਥਾਣੇ ਦਾ ਿਘਰਾਓ ਕੀਤਾ ਗਿਆ ਤੇ ਮਾਨਸਾ-ਸੁਨਾਮ ਮੱੁਖ ਮਾਰਗ ਜਾਮ ਕੀਤਾ ਗਿਆ। ਕਿਸਾਨ ਆਗੂ ਰਣ ਸਿੰਘ ਚੱਠਾ, ਬਲਜੀਤ ਸਿੰਘ ਜੌਲੀਆਂ, ਲਹਿਰਾ ਬਲਾਕ ਦੇ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਘਟਨਾ ਦੇ 14 ਦਿਨ ਬੀਤਣ ਦੇ ਬਾਅਦ ਵੀ ਸਤਿਗੁਰ ਸਿੰਘ ਨਮੋਲ ਨੂੰ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੀਆਂ ਦੋ ਅੌਰਤਾਂ ਨੂੰ ਪੁਲਿਸ ਗਿ੍ਫ਼ਤਾਰ ਨਹੀਂ ਰਹੀ। ਉਨ੍ਹਾਂ ਕਿਹਾ ਕਿ ਪੁਲਿਸ ਇਸ ਕੇਸ ਨੂੰ ਲਮਕਾ ਰਹੀ ਹੈ ਅਤੇ ਅੌਰਤਾਂ ਨੂੰ ਇਸ ਕੇਸ 'ਚੋਂ ਬਚਣ ਲਈ ਸਮਾਂ ਦੇ ਰਹੀ ਹੈ, ਜਿਸ ਕਰਕੇ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਦੋਵੇਂ ਅੌਰਤਾਂ ਨੂੰ ਗਿ੍ਫ਼ਤਾਰ ਕਰਵਾਉਣ ਤੱਕ ਜਾਰੀ ਰਹੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਤੇ ਅੌਰਤਾਂ ਵੀ ਹਾਜ਼ਰ ਸਨ।

ਪਿਛਲੇ ਕਈ ਦਿਨਾਂ ਤੋਂ ਧਰਨਾ ਦੇ ਰਹੇ ਕਿਸਾਨਾਂ ਦੇ ਮਸਲੇ ਸਬੰਧੀ ਜਦੋਂ ਸੁਨਾਮ ਊਧਮ ਸਿੰਘ ਵਾਲਾ ਦੇ ਡੀਐੱਸਪੀ ਰਾਜੇਸ਼ ਸਨੇਹੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਆਪਣਾ ਕੰਮ ਜਾਰੀ ਹੈ। ਉਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਵੀ ਦਿੱਤਾ ਸੀ ਕਿ ਪੁਲਿਸ ਆਪਣੇ ਕੰਮ ਵਿੱਚ ਜੁਟੀ ਹੋਈ ਹੈ ਅਤੇ ਰਹਿੰਦੀਆਂ ਦੋ ਅੌਰਤਾਂ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ।