ਸੱਤਪਾਲ ਕਾਲਾਬੂਲਾ, ਬਲਜੀਤ ਸੰਧੂ, ਸ਼ੇਰਪੁਰ :

ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ 31 ਕਿਸਾਨ ਜਥੇਬੰਦੀਆਂ ਵੱਲੋਂ ਉਲੀਕੇ ਪ੍ਰਰੋਗਰਾਮ ਅਨੁਸਾਰ ਪੰਜਾਬ ਬੰਦ ਨੂੰ ਕਸਬਾ ਸ਼ੇਰਪੁਰ ਵਿਖੇ ਵੀ ਭਰਵਾਂ ਹੁੰਗਾਰਾ ਮਿਲਿਆ।

ਸ਼ੇਰਪੁਰ ਦੇ ਸਮੁੱਚੇ ਦੁਕਾਨਦਾਰਾਂ ਨੇ ਆਪੋ ਆਪਣੀਆਂ ਦੁਕਾਨਾਂ ਬੰਦ ਕਰਕੇ ਸਥਾਨਕ ਕਾਤਰੋਂ ਚੌਕ ਵਿਖੇ ਰੱਖੇ ਧਰਨੇ ਦਾ ਸਮਰਥਨ ਕੀਤਾ। ਰੋਸ ਧਰਨੇ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਵੱਡੀ ਗਿਣਤੀ ਲੋਕਾਂ ਤਿੰਨੇ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਬਲਵੰਤ ਸਿੰਘ ਛੰਨਾਂ ਐਡਵੋਕੇਟ ਜਸਵੀਰ ਸਿੰਘ ਖੇੜੀ, ਹੋਫ ਫਾਰ ਮਹਿਲ ਕਲਾਂ ਮਹਿੰਮ ਦੇ ਇੰਚਾਰਜ਼ ਕੁਲਵੰਤ ਸਿੰਘ ਟਿੱਬਾ, ਕਿਸਾਨ ਆਗੂ ਮਨਜੀਤ ਸਿੰਘ ਧਨੇਰ, ਕਾਮਰੇਡ ਸੁਖਦੇਵ ਸਿੰਘ ਬੜੀ, ਸਰਪੰਚ ਗੁਰਦੀਪ ਸਿੰਘ ਅਲੀਪੁਰ, ਸਮਾਜ ਸੇਵੀ ਭਾਨ ਸਿੰਘ ਜੱਸੀ, ਨੌਜਵਾਨ ਆਗੂ ਗੁਰਪ੍ਰਰੀਤ ਸਿੰਘ ਖੇੜੀ, ਵੀਰ ਮਨਪ੍ਰਰੀਤ ਸਿੰਘ ਖਾਲਸਾ, ਵਪਾਰ ਮੰਡਲ ਸ਼ੇਰਪੁਰ ਦੇ ਪ੍ਰਧਾਨ ਮਨਦੀਪ ਸਿੰਘ ਖੀਪਲ ਅਤੇ ਆਂਗਣਵਾੜੀ ਯੂਨੀਅਨ ਦੀ ਆਗੂ ਪਰਮਜੀਤ ਕੌਰ ਖੇੜੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੰਸਦ ਵਿੱਚ ਪਾਸ ਕੀਤੇ ਤਿੰਨ ਫਾਸੀਵਾਦੀ ਖੇਤੀ ਬਿੱਲ ਕਿਸਾਨਾਂ ਮਜ਼ਦੂਰਾਂ, ਛੋਟੇ ਵਪਾਰੀਆਂ ਅਤੇ ਆਮ ਲੋਕਾਂ ਲਈ ਘਾਤਕ ਹਨ ਕਿਉਂਕਿ ਅਜਿਹੇ ਗਲ ਘੋਟੂ ਬਿੱਲਾਂ ਦੇ ਪਾਸ ਹੋਣ ਨਾਲ ਦੇਸ਼ ਪੂਰੀ ਤਰ੍ਹਾਂ ਬਰਬਾਦੀ ਦੇ ਕੰਢੇ 'ਤੇ ਪੁੱਜ ਜਾਵੇਗਾ।

ਆਗੂਆਂ ਨੇ ਕਿਹਾ ਕਿ ਸਮੁੱਚੇ ਦੇਸ਼ ਦੇ ਚਿੰਤਤ ਲੋਕ ਲਗਾਤਾਰ ਵੱਖ-ਵੱਖ ਸ਼ਹਿਰਾਂ, ਕਸਬਿਆਂ ਅੰਦਰ ਇਨ੍ਹਾਂ ਬਿੱਲਾਂ ਦਾ ਜ਼ੋਰਦਾਰ ਵਿਰੋਧ ਕਰਦੇ ਆ ਰਹੇ ਹਨ। ਪ੍ਰੰਤੂ ਸਰਕਾਰ ਨੇ ਇਨ੍ਹਾਂ ਬਿੱਲਾਂ ਨੂੰ ਪਾਸ ਕਰਕੇ ਦੇਸ਼ ਵਿਰੋਧੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬੇ ਦੀ ਕਾਂਗਰਸ ਸਰਕਾਰ ਨੇ ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਦੀ ਬਜਾਏ ਲਾਠੀਆਂ ਨਾਲ ਤਸੱਦਦ ਢਾਹਿਆ ਜਾ ਰਿਹਾ ਹੈ। ਜਿਸ ਨੂੰ ਸੂਬੇ ਦੇ ਜੁਝਾਰੂ ਲੋਕ ਕਿਸੇ ਵੀ ਕੀਮਤ 'ਤੇ ਬਰਦਾਸਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਲੋਕ ਵਿਰੋਧੀ ਤਿੰਨੇ ਖੇਤੀ ਬਿੱਲਾਂ ਨੂੰ ਜਲਦੀ ਵਾਪਸ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।

----------