ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਹੁਚਰਚਿਤ ਕਿਰਨਜੀਤ ਕੌਰ ਮਹਿਲਕਲਾਂ ਲੋਕ ਘੋਲ 'ਚ ਅਗਵਾ ਨੂੰ ਭੂਮਿਕਾ ਨਿਭਾ ਰਹੇ ਮਨਜੀਤ ਧਨੇਰ ਦੇ ਜੇਲ੍ਹ ਜਾਣ ਦੇ 19ਵੇਂ ਦਿਨ ਬਰਨਾਲਾ ਜੇਲ੍ਹ ਅੱਗੇ ਚੱਲ ਰਹੇ ਮੋਰਚੇ 'ਚ ਸੰਗਰੂਰ ਤੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਕਿਸਾਨ ਨੇ ਪੂਰੇ ਜੋਸ਼-ਖਰੋਸ਼ ਨਾਲ ਭਾਗ ਲੈਂਦਿਆਂ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਲਈ ਰੋਹਲੀ ਗਰਜ ਬੁਲੰਦ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਉੱਗੋਕੇ, ਮੋਠੂ ਸਿੰਘ ਕੋਟੜਾ, ਅਮਰਜੀਤ ਸਿੰਘ ਕੁੱਕੂ, ਦਰਸ਼ਨ ਸਿੰਘ ਮਾਈਸਰਖਾਨਾ, ਹਰਜਿੰਦਰ ਸਿੰਘ ਬੱਗੀ, ਮਹਿੰਦਰ ਸਿੰਘ ਭੈਣੀਬਾਘਾ, ਬਾਬੂ ਸਿੰਘ ਖੁੱਡੀਕਲਾਂ, ਸੁਖਦੇਵ ਸਿੰਘ ਰਾਮਪੁਰਾ ਨੇ ਕਿਹਾ ਕਿ 22 ਸਾਲ ਦੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਮਹਿਲਕਲਾਂ ਦੀ ਧਰਤੀ 'ਤੇ ਚੱਲ ਰਹੇ ਲੋਕ ਸੰਘਰਸ਼ ਦੀ ਅਗਵਾਈ ਕਰਨ ਵਾਲੇ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਵਾਲਾ ਗੰਭੀਰ ਮਸਲਾ ਸਾਡੇ ਲਈ ਜ਼ਿੰਦਗੀ ਮੌਤ ਦਾ ਸਵਾਲ ਬਣਿਆ ਹੋਇਆ ਹੈ। ਇਸ ਲਈ ਜਥੇਬੰਦਕ ਏਕੇ ਨੂੰ ਮਜ਼ਬੂਤ ਕਰਦਿਆਂ ਹਕੂਮਤ ਦੇ ਹੱਲਿਆਂ ਦਾ ਟਾਕਰਾ ਕਰਨ ਦੀ ਲੋੜ ਹੈ। ਸੰਬੋਧਨ ਕਰਦਿਆਂ ਬੂਟਾ ਸਿੰਘ ਬੁਰਜਗਿੱਲ, ਝੰਡਾ ਸਿੰਘ ਜੇਠੂਕੇ, ਗੁਰਦੀਪ ਸਿੰਘ ਰਾਮਪੁਰਾ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ ਨੇ ਕਿਹਾ ਕਿ ਲੋਕ ਇਤਿਹਾਸ ਦੇ ਕਿਲੇ ਉੱਪਰ ਹਕੂਮਤ ਨੇ ਧਨੇਰ ਨੂੰ ਉਮਰ ਕੈਦ ਸਜ਼ਾ ਸੁਣਾ ਕੇ ਛੋਟਾ ਵਾਰ ਨਹੀਂ ਵੱਡੇ ਹਮਲੇ ਦੀ ਤਿਆਰੀ ਵਜੋਂ ਵੇਖਣਾ ਚਾਹੀਦਾ ਹੈ। ਇਸ ਵਾਰ ਦਾ ਟਾਕਰਾ ਵੀ ਜਥੇਬੰਦਕ ਲੋਕ ਤਾਕਤ ਦਾ ਕਿਲਾ ਮਜ਼ਬੂਤ ਕਰਦਿਆਂ ਦਿੱਤਾ ਜਾ ਰਿਹਾ ਹੈ। ਲੋਕ ਪੱਖੀ ਗੀਤਕਾਰ ਆਪਣੇ ਗੀਤਾਂ ਰਾਹੀਂ ਕਾਫ਼ਲਿਆਂ ਅੰਦਰ ਨਵਾਂ ਜੋਸ਼ ਭਰ ਰਹੇ ਹਨ। ਡਾ. ਕੁਲਵੰਤ ਰਾਏ ਪੰਡੋਰੀ ਦੀ ਅਗਾਵਾਈ ਹੇਠ ਲਗਾਤਾਰ ਪੱਕੇ ਮੋਰਚੇ ਦੇ 19ਵੇਂ ਦਿਨ ਸੰਘਰਸ਼ਸ਼ੀਲ ਕਾਫ਼ਲਿਆਂ ਲਈ ਮੁਫ਼ਤ ਮੈਡੀਕਲ ਸੇਵਾਵਾਂ ਪ੍ਰਦਾਨ ਕਰਨੀਆਂ ਜਾਰੀ ਰੱਖੀਆਂ। ਬਹੁਤ ਸਾਰੇ ਆਗੂ ਚੱਲ ਰਹੇ ਪੱਕੇ ਲਈ ਆਰਥਿਕ ਸਹਾਇਤਾ ਵੀ ਦੇ ਰਹੇ ਹਨ।