ਸੰਦੀਪ ਸਿੰਗਲਾ, ਧੂਰੀ : ਸਥਾਨਕ ਖੰਡ ਮਿੱਲ ਵੱਲ ਕਿਸਾਨਾਂ ਦੇ ਗੰਨੇ ਦੇ ਬਕਾਇਆ ਕਰੋੜਾਂ ਰੁਪਏ ਦੀ ਅਦਾਇਗੀ ਨਾ ਹੋਣ ਦੇ ਰੋਸ ਵਜੋਂ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਵੱਲੋਂ ਜਿੱਥੇ ਖੰਡ ਮਿੱਲ ਦਾ ਕੀਤਾ ਗਿਆ ਘਿਰਾਓ ਦੂਜੇ ਦਿਨ ਵੀ ਜਾਰੀ ਰਿਹਾ, ਉੱਥੇ ਕੱਲ੍ਹ ਤੋਂ ਮਿੱਲ ਅੰਦਰ ਘੇਰੇ ਗਏ ਮਿੱਲ ਪ੍ਰਬੰਧਕ ਵੀ ਮਿੱਲ ਅੰਦਰ ਰਹਿਣ ਲਈ ਮਜਬੂਰ ਹਨ।

ਪ੍ਰਦਸ਼ਨਕਾਰੀਆਂ ਨੇ ਖੰਡ ਮਿੱਲ ਦੇ ਗੇਟ ਅੱਗੇ ਨਾਅਰੇਬਾਜ਼ੀ ਕਰਦਿਆਂ ਗੰਨੇ ਦੀ ਬਕਾਇਆ ਕਰੀਬ 16 ਕਰੋੜ ਰੁਪਏ ਦੀ ਰਾਸ਼ੀ ਦੀ ਅਦਾਇਗੀ ਕੀਤੇ ਜਾਣ ਦੀ ਮੰਗ ਕੀਤੀ।

ਇਸ ਮੌਕੇ ਹਰਜੀਤ ਸਿੰਘ ਧਨੋਆ, ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਸਰਬਜੀਤ ਸਿੰਘ ਅਲਾਲ, ਹਰਿੰਦਰ ਸਿੰਘ ਕਹੇਰੂ, ਹਰਬੰਸ ਸਿੰਘ, ਸੰਤ ਸਿੰਘ ਆਦਿ ਨੇ ਕਿਹਾ ਕਿ ਕਿਸਾਨਾਂ ਦੇ ਗੰਨੇ ਦੇ ਕਰੋੜਾਂ ਰੁਪਏ ਖੰਡ ਮਿੱਲ ਵੱਲ ਬਕਾਇਆ ਰਹਿੰਦੇ ਹਨ, ਜਿਸ ਸਬੰਧੀ ਉਨ੍ਹਾਂ ਵੱਲੋਂ ਅਨੇਕਾਂ ਵਾਰ ਸੰਘਰਸ਼ ਵਿੱਢਿਆ ਗਿਆ ਹੈ, ਪਰੰਤੂ ਹਰ ਵਾਰ ਮਿੱਲ ਪ੍ਰਬੰਧਕ ਪ੍ਰਸ਼ਸਾਨਿਕ ਅਧਿਕਾਰੀਆਂ ਦੀ ਮੌਜੂਦਗੀ 'ਚ ਲਿਖਤੀ ਝੂਠੇ ਵਾਅਦੇ ਕਰ ਕੇ ਮੁਕਰਦੇ ਰਹੇ।

ਉਨ੍ਹਾਂ ਨੂੰ ਆਪਣੀ ਹੀ ਫ਼ਸਲ ਦੀ ਪੇਮੈਂਟ ਲੈਣ ਲਈ ਆਪਣਾ ਘਰ ਅਤੇ ਕੰਮਕਾਰ ਛੱਡ ਕੇ ਮਜਬੂਰਨ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਮਿੱਲ ਪ੍ਰਬੰਧਕਾਂ ਨੂੰ ਮਿੱਲ ਅੰਦਰ ਬੰਦ ਰੱਖਣ ਦੀ ਗੱਲ ਕਬੂਲਦਿਆਂ ਕਿਹਾ ਕਿ ਜਦੋਂ ਤਕ ਮਿੱਲ ਵੱਲੋਂ ਉਨ੍ਹਾਂ ਨੂੰ ਪੂਰੀ ਅਦਾਇਗੀ ਨਹੀ ਕੀਤੀ ਜਾਂਦੀ, ਉਦੋਂ ਤਕ ਉਹ ਆਪਣਾ ਸੰਘਰਸ਼ ਜਾਰੀ ਰਹੇਗਾ। ਇਸ ਸਬੰਧੀ ਮਿੱਲ ਅੰਦਰ ਫਸੇ ਪ੍ਰਬੰਧਕਾਂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਵਲੋਂ ਮੀਡੀਆ ਅੱਗੇ ਕੋਈ ਵੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਮਾਰਕੀਟਿੰਗ ਮੈਨੇਜਰ ਸੀਵੀ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਆਪਣੇ ਸਹਿਯੋਗੀਆਂ ਨੂੰ ਮਿੱਲ ਅੰਦਰ ਬੰਦ ਰੱਖਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਇਤਫਾਕਨ ਕੱਲ੍ਹ ਦੇ ਬਾਹਰ ਹਨ। ਉਨ੍ਹਾਂ ਆਪਣੇ ਸਹਿਯੋਗੀਆਂ ਦੇ ਹਵਾਲੇ ਤੋਂ ਕਿਹਾ ਕਿ ਕੱਲ੍ਹ ਦਾ ਪ੍ਰਦਰਸ਼ਨਕਾਰੀਆਂ ਨੇ ਗੇਟ ਨੂੰ ਜਿੰਦਰਾ ਲਾ ਦਿੱਤਾ ਹੈ। ਉਨ੍ਹਾਂ ਪ੍ਰਦਰਸ਼ਨਕਾਰੀਆਂ ਵਲੋਂ ਵਰਕਰਾਂ ਨੂੰ ਮਿੱਲ ਅੰਦਰ ਨਾ ਜਾਣ ਦੇਣ, ਬਿਜਲੀ-ਪਾਣੀ ਬੰਦ ਕਰਨ ਦੀ ਗੱਲ ਵੀ ਕਹੀ।

ਇਸ ਸਬੰਧੀ ਐੱਸਐੱਚਓ ਸਿਟੀ ਧੂਰੀ ਦਰਸ਼ਨ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਸਟਾਫ ਨੂੰ ਬੰਦੀ ਬਣਾਏ ਜਾਣ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੱਲ੍ਹ ਤੋਂ ਕਈ ਮਿੱਲ ਪ੍ਰਬੰਧਕ ਅਤੇ ਪ੍ਰਦਰਸ਼ਨਕਾਰੀ ਕਿਸਾਨ ਮਿੱਲ ਅੰਦਰ ਹੀ ਬੈਠੇ ਹਨ ਅਤੇ ਮਿੱਲ ਪ੍ਰਬੰਧਕਾਂ ਨਾਲ ਇਸ ਸਬੰਧੀ ਗੱਲਬਾਤ ਚੱਲ ਰਹੀ ਹੈ। ਖ਼ਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ ਅਤੇ ਮਿੱਲ ਪ੍ਰਬੰਧਕ ਵੀ ਮਿੱਲ ਅੰਦਰ ਹੀ ਮੌਜੂਦ ਸਨ।