ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਮਾਰਕੀਟ ਕਮੇਟੀ ਵਿਖੇ ਆਪਣੀ ਬਲਾਕ ਪੱਧਰੀ ਮੀਟਿੰਗ ਵਿਚ 20 ਫ਼ੀਸਦੀ ਤਕ ਨਮੀ ਵਾਲੇ ਝੋਨੇ ਦੀ ਖ਼ਰੀਦ ਕਰਨ ਦੀ ਮੰਗ ਕੀਤੀ ਹੈ। ਬਲਾਕ ਪ੍ਰਧਾਨ ਦਰਬਾਰਾ ਸਿੰਘ ਨਾਗਰਾ ਨੇ ਕਿਹਾ ਕਿ ਸਰਕਾਰ ਵੱਲੋਂ 17 ਫ਼ੀਸਦੀ ਤਕ ਨਮੀ ਵਾਲੇ ਝੋਨੇ ਨੂੰ ਖ਼ਰੀਦਣ ਦੀ ਲਾਈ ਗਈ ਸ਼ਰਤ ਬਿਲਕੁਲ ਗ਼ਲਤ ਹੈ, ਕਿਉਂਕਿ ਪੂਸਾ ਝੋਨੇ ਦੀ ਨਮੀ 19-20 ਤੋਂ ਘੱਟ ਆਉਂਦੀ ਹੀ ਨਹੀਂ। ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਸਰਕਾਰੀ ਏਜੰਸੀਆਂ ਵੱਲੋਂ ਲਾਈ ਗਈ ਇਸ ਸ਼ਰਤ ਨਾਲ ਜ਼ਿਆਦਾਤਰ ਕਿਸਾਨਾਂ ਦਾ ਝੋਨਾ ਨਹੀਂ ਵਿਕ ਸਕੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਆਰਥਿਕ ਸੰਕਟ ਵਿਚ ਫ਼ਸੇ ਕਿਸਾਨ ਨੂੰ ਹੋਰ ਸੰਕਟ ਵਿਚ ਨਾ ਫ਼ਸਾਇਆ ਜਾਵੇ ਅਤੇ ਇਹ ਸ਼ਰਤ 17 ਫ਼ੀਸਦੀ ਤੋਂ ਵਧਾਕੇ 20 ਫ਼ੀਸਦੀ ਨਮੀ ਕੀਤੀ ਜਾਵੇ।

ਕਿਸਾਨ ਆਗੂ ਨੇ ਅੱਗੇ ਕਿਹਾ ਕਿ ਜਦੋਂ ਤਕ ਸਰਕਾਰ ਗ੍ਰੀਨ ਟਿ੍ਬਿਊਨਲ ਦੇ ਫ਼ੈਸਲੇ ਅਨੁਸਾਰ ਪਰਾਲੀ ਨੂੰ ਸੰਭਾਲਣ ਲਈ ਮਸ਼ੀਨਰੀ ਉਪਲਬਧ ਨਹੀਂ ਕਰਦੀ, ਉਸ ਸਮੇਂ ਤਕ ਕਿਸਾਨ ਝੋਨੇ ਨੂੰ ਅੱਗ ਲਾਉਣ ਲਈ ਮਜ਼ਬੂਰ ਹੋਵੇਗਾ, ਜੇਕਰ ਸਰਕਾਰ ਜਾਂ ਪ੍ਰਸ਼ਾਸਨ ਨੇ ਕਿਸੇ ਕਿਸਮ ਦੀ ਧੱਕੇਸ਼ਾਹੀ ਕੀਤੀ ਤਾਂ ਯੂਨੀਅਨ ਕਿਸਾਨ ਭਰਾਵਾਂ ਦੇ ਹੱਕ ਵਿਚ ਡਟਕੇ ਖੜ੍ਹੇਗੀ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਮੰਡੀਆਂ ਵਿਚ ਲਿਫ਼ਟ ਵਾਲੀ ਟਰਾਲੀ ਨਾਲ ਝੋਨਾ ਵੇਚਣ ਵਾਲੇ ਕਿਸਾਨ ਤੋਂ ਟਰਾਲੀ ਲਾਹੁਣ ਦੀ ਲੇਬਰ ਨਾ ਕੱਟੀ ਜਾਵੇ ਤੇ ਝੋਨੇ ਤੁਲਾਈ ਮੌਕੇ 50 ਗ੍ਰਾਮ ਤੋਂ ਵੱਧ ਥੈਲੇ ਦਾ ਵਜਨ ਨਾ ਕੱਟਿਆ ਜਾਵੇ। ਇਸ ਮੌਕੇ ਜਗਦੇਵ ਸਿੰਘ ਘਰਾਚੋਂ, ਮਾਲਵਿੰਦਰ ਸਿੰਘ ਭਵਾਨੀਗੜ੍ਹ, ਸੋਹਣ ਸਿੰਘ ਘਰਾਚੋਂ, ਕੁਲਜੀਤ ਸਿੰਘ, ਜਰਨੈਲ ਸਿੰਘ, ਮੇਵਾ ਸਿੰਘ, ਜੰਗ ਸਿੰਘ, ਕਰਮ ਸਿੰਘ, ਬਹਾਦਰ ਸਿੰਘ, ਲਖਵਿੰਦਰ ਸਿੰਘ, ਸੁਖਦੇਵ ਸਿੰਘ, ਭੂਰਾ ਸਿੰਘ ਅਤੇ ਬਘੇਲ ਸਿੰਘ ਵੀ ਹਾਜ਼ਰ ਸਨ।