ਯੋਗੇਸ ਸ਼ਰਮਾਂ, ਭਦੌੜ : ਝੋਨੇ ਦੇ ਸੀਜ਼ਨ ਮੌਕੇ ਲੱਗੀ ਲੰਬੀ ਅੌੜ ਉਪਰੰਤ ਸਾਉਣ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਵਰ੍ਹੇ ਮੂਸਲਾਧਾਰ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ।ਕਿਸਾਨ ਗੁਰਪ੍ਰਰੀਤ ਸਿੰਘ ਗਿੱਲ, ਸਤੀਸ਼ ਕਲਸੀ, ਰਾਜਵਿੰਦਰ ਰਾਜਾ ਸਿੱਧੂ, ਦੀਪ ਸਿੱਧੂ, ਲਛਮਣ ਸਿੰਘ, ਬਲਵਿੰਦਰ ਸਿੰਘ ਸਰਾ, ਨਾਜ਼ਮ ਸਿੰਘ ਸਰਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਰਵੀਂ ਵਰਖਾ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਖ਼ਤਮ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਝੋਨੇ ਦੀ ਲਵਾਈ ਹੋ ਰਹੀ ਸੀ, ਤੇ ਇਸ ਸਮੇਂ ਦੌਰਾਨ ਮੀਂਹ ਨਾ ਪੈਣ ਕਾਰਨ ਭਾਰੀ ਅੌੜ ਲੱਗ ਚੁੱਕੀ ਸੀ। ਜਿਸ ਕਾਰਨ ਜਿੱਥੇ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਰਹੀ ਸੀ। ਉੱਥੇ ਵੋਲਟੇਜ ਘੱਟ ਆਉਣ ਕਾਰਨ ਜਿੱਥੇ ਮੋਟਰਾਂ ਪਾਣੀ ਘੱਟ ਕੱਢ ਰਹੀਆਂ ਸਨ। ਉੱਥੇ ਮੋਟਰਾਂ ਦੀ ਰਿਪੇਅਰ ਆਦਿ ਵੀ ਪੈ ਰਹੀ ਸੀ। ਕਿਸਾਨਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਮਾਨਸੂਨ ਰੁੱਤ ਦੀ ਇਹ ਵਰਖਾ ਝੋਨੇ ਦੀ ਫ਼ਸਲ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ।

ਖੇਤੀਬਾੜੀ ਵਿਭਾਗ ਦੇ ਏਡੀਓ ਗੁਰਵਿੰਦਰ ਸਿੰਘ ਸੰਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਰੀ ਅੌੜ ਕਾਰਨ ਝੋਨੇ ਦੀ ਫ਼ਸਲ ਬੇਹੱਦ ਪ੍ਰਭਾਵਿਤ ਹੋ ਰਹੀ ਸੀ, ਤੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਸਨ। ਉਨ੍ਹਾਂ ਕਿਹਾ ਕਿ ਜਿੱਥੇ ਹਰ ਥਾਂ 'ਤੇ ਪਾਣੀ ਦੀ ਦਿੱਕਤ ਆ ਰਹੀ ਸੀ। ਉੱਥੇ ਝੋਨੇ ਦੀ ਫ਼ਸਲ ਤੇ ਪੱਤਾ ਲਪੇਟ ਸੁੰਡੀ ਤੇ ਜੜ੍ਹ ਦੀਆਂ ਬਿਮਾਰੀਆਂ ਦਾ ਹਮਲਾ ਵੀ ਹੋਣ ਦਾ ਖਦਸ਼ਾ ਵੀ ਪੈਦਾ ਹੋ ਗਿਆ ਸੀ, ਪਰ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਝੋਨੇ ਦੀ ਫ਼ਸਲ ਲਹਿਰਾਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਇਹ ਮੀਂਹ ਝੋਨੇ ਦੀ ਫਸਲ ਨੂੰ ਦੇਸੀ ਿਘਓ ਵਾਂਗ ਲੱਗੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ, ਕਿ ਖਾਦ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਪੂਰੇ ਸੰਕੋਚ ਨਾਲ ਕੀਤੀ ਜਾਵੇ ਕਿਉਂਕਿ ਜ਼ਿਆਦਾ ਖਾਦ ਅਤੇ ਬੇਲੋੜੀਆਂ ਸਪਰੇਆਂ ਕਰਨ ਨਾਲ ਪੈਦਾਵਾਰ ਤੇ ਜਿੱਥੇ ਬੁਰਾ ਪ੍ਰਭਾਵ ਪੈਂਦਾ ਹੈ ਉੱਥੇ ਮਨੁੱਖਤਾ ਤੇ ਜੀਵ ਜੰਤੂਆਂ ਦੀ ਸਿਹਤ ਤੇ ਇਸ ਦਾ ਬੇਹੱਦ ਮਾੜਾ ਪ੍ਰਭਾਵ ਪੈਂਦਾ ਹੈ।ਮਨੁੱਖ ਦੇ ਨਾਲ-ਨਾਲ ਹਰ ਜੀਵ ਜੰਤੂ ਵੀ ਕੀਟਨਾਸ਼ਕ ਦਵਾਈਆਂ ਦੀ ਬੇਲੋੜੀ ਵਰਤੋਂ ਕਾਰਨ ਬਿਮਾਰੀਆਂ ਹੇਠ ਆ ਜਾਂਦਾ ਹੈ।