ਸੁਰਿੰਦਰ ਗੋਇਲ, ਸ਼ਹਿਣਾ : ਪਿਛਲੇ ਦਿਨੀ ਪੰਜਾਬ ਦੇ ਕਿਸਾਨਾਂ ਨੂੰ ਬੈਕਾਂ ਵਲੋਂ ਕਰਜ਼ਾ ਭਰਨ ਲਈ ਨੋਟਿਸ ਕੱਢੇ ਜਾ ਰਹੇ ਹਨ, ਜੋ ਕਿ ਬਹੁਤ ਨਿੰਦਣਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਤੋ ਪਹਿਲਾ 2017 'ਚ ਕਿਸਾਨਾਂ ਦੇ ਸਮੁੱਚੇ ਕਰਜ਼ੇ ਮਾਫ਼ ਕਰਨ ਦਾ ਵਾਅਦਾ ਕੀਤਾ ਸੀ, ਪਰ ਢਾਈ ਸਾਲ ਬੀਤਣ ਉਪਰੰਤ ਵੀ ਕਿਸਾਨਾਂ ਪੱਲੇ ਬੈਂਕਾਂ ਦੇ ਨੋਟਿਸ ਪੈ ਰਹੇ ਹਨ। ਇਹ ਸ਼ਬਦ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਸ਼ਹਿਣਾ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਕਰਜ਼ੇ ਹੁਣ ਦੋ ਗੁਣਾਂ ਵਧ ਚੁੱਕੇ ਹਨ, ਜਿੰਨ੍ਹਾਂ ਨੂੰ ਕਿਸਾਨ ਭਰਨ ਦੇ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਬੈਕਾਂ ਵੱਲੋਂ ਭੇਜੇ ਨੋਟਿਸ 'ਚ ਕਰਜ਼ਾ ਭਰਨ ਨਹੀਂ ਫਿਰ ਕੁਰਕੀ ਕਰਨ ਦੀ ਧਮਕੀ ਦਿੱਤੀ ਗਈ ਹੈ, ਜਦ ਕਿ ਅਸੀਂ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦੇਵਾਗੇ। ਉਨ੍ਹਾਂ ਵਾਅਦੇ ਤੋਂ ਮੁਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕਰਜ਼ੇ ਭਰਾਉਣ ਹਨ ਤਾਂ ਕਿਸਾਨਾਂ ਨੂੰ ਖਸਖਸ ਦੀ ਖੇਤੀ ਕਰਨ ਦੀ ਖੁੱਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਖਸਖਸ ਦੀ ਖੇਤੀ ਨਾਲ ਜਿੱਥੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਇਆ ਜਾ ਸਕਦਾ ਹੈ, ਉੱਥੇ ਵਾਤਾਵਰਨ ਵੀ ਸਾਫ਼ ਰਹੇਗਾ। ਇਸ ਮੌਕੇ ਭਾਕਿਯੂ ਲੱਖੋਵਾਲ ਇਕਾਈ ਪ੍ਰਧਾਨ ਸਤਿਨਾਮ ਸਿੰਘ ਸੱਤੀ, ਜਗਤਾਰ ਸਿੰਘ ਝੱਜ, ਦਰਸਨ ਸਿੰਘ ਸਿੱਧੂ, ਸਰਬਾ ਸਿੰਘ ਮੌੜ, ਸਰਬਜੀਤ ਸਿੰਘ ਜੈਦ, ਅਮਰੀਕ ਸਿੰਘ ਬੀਕਾ, ਜੰਟਾ ਸਿੰਘ ਝੱਜ, ਭੋਲਾ ਸਿੰਘ ਬਦਰੇਵਾਲ, ਮੋਹਨ ਸਿੰਘ ਗਿੱਲ, ਬਹਾਦਰ ਸਿੰਘ ਆਦਿ ਹਾਜ਼ਰ ਸਨ।