ਮਨੋਜ ਕੁਮਾਰ, ਧੂਰੀ : ਲੰਘੇ ਦਿਨ ਜਿੱਥੇ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਉੱਥੇ ਦੂਜੇ ਪਾਸੇ ਸਥਾਨਕ ਖੰਡ ਮਿੱਲ ਵਿਚ ਤੜਕਸਾਰ ਹੀ ਸਲਫਾਸ ਅਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੇ ਕਨਵੀਨਰ ਹਰਜੀਤ ਸਿੰਘ ਬੁਗਰਾ ਅਤੇ ਆਗੂ ਸੰਤ ਸਿੰਘ ਪਲਾਸੌਰ ਖੰਡ ਮਿੱਲ ਦੀ ਅੰਦਰਲੀ ਚਿਮਨੀ 'ਤੇ ਜਾ ਚੜ੍ਹੇ, ਜਿਸ ਕਾਰਨ ਪ੍ਰਸ਼ਾਸਨ ਅਤੇ ਮਿੱਲ ਪ੍ਰਬੰਧਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਿੰਦਰ ਸਿੰਘ ਕਹੇਰੂ, ਸਰਬਜੀਤ ਸਿੰਘ ਅਲਾਲ, ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਹਰਵਿੰਦਰ ਸਿੰਘ ਭੱਦਲਵੱਡ, ਸ਼ਮਸ਼ੇਰ ਸਿੰਘ ਕਹੇਰੂ, ਹਰਨੇਕ ਸਿੰਘ ਜਹਾਂਗੀਰ ਤੇ ਮਨਵੀਰ ਧੂਰੀ ਨੇ ਖੰਡ ਮਿੱਲ ਵੱਲ ਰਹਿੰਦੀ ਬਕਾਇਆ ਅਦਾਇਗੀ ਲਈ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਖੰਡ ਮਿੱਲ ਮਾਲਕਾਂ ਵੱਲੋਂ ਅਨੇਕਾਂ ਬਾਰ ਬਕਾਇਆ ਅਦਾਇਗੀ ਕਰਨ ਸਬੰਧੀ ਵਾਅਦੇ ਕੀਤੇ ਗਏ ਪ੍ਰੰਤੂ ਉਹ ਵਾਅਦਿਆਂ 'ਤੇ ਖਰੇ ਨਹੀਂ ਉੱਤਰੇ। ਉਨ੍ਹਾਂ ਕਿਹਾ ਕਿ ਜੇਕਰ ਅਦਾਇਗੀ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਦੇਰ ਸ਼ਾਮ ਪ੍ਰਦਰਸ਼ਨਕਾਰੀਆਂ ਅਤੇ ਖੰਡ ਮਿੱਲ ਪ੍ਰਬੰਧਕਾਂ ਨਾਲ ਮੀਟਿੰਗ ਹੋਈ, ਜਿਸ ਵਿਚ ਲਿਖਤ ਫ਼ੈਸਲਾ ਕੀਤਾ ਗਿਆ ਕਿ ਖੰਡ ਮਿੱਲ ਮਾਲਕਾਂ ਵੱਲੋਂ 31 ਅਗਸਤ ਤੱਕ 10 ਕਰੋੜ ਅਤੇ ਬਾਕੀ ਰਹਿੰਦਾ 16 ਕਰੋੜ ਰੁਪਏ 25 ਸਤੰਬਰ ਤੱਕ ਕਿਸਾਨਾਂ ਦੇ ਖਾਤਿਆਂ ਵਿਚ ਪਾਇਆ ਜਾਵੇਗਾ। ਉਕਤ ਲਿਖਤ ਭਰੋਸੇ ਤੋਂ ਬਾਅਦ ਚਿਮਨੀ 'ਤੇ ਚੜ੍ਹੇ ਆਗੂਆਂ ਨੂੰ ਥੱਲੇ ਉਤਾਰ ਕੇ ਧਰਨਾ ਸਮਾਪਤ ਕਰਵਾਇਆ ਗਿਆ।