ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਓਰੀਐਂਟਲ ਬੈਂਕ ਆਫ ਕਾਮਰਸ ਚੀਮਾ ਦੇ ਮੈਨੇਜਰ 'ਤੇ ਭਾਰਤੀ ਕਿਸਾਨ ਯੁਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਨੇ ਵਤੀਰਾ ਠੀਕ ਨਾ ਹੋਣ ਦੇ ਦੋਸ਼ ਲਾਏ ਹਨ। ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਿਸਾਨ ਗੁਰਸੇਮ ਸਿੰਘ ਦੀ ਉਕਤ ਬੈਂਕ ਵਿਚ 14 ਲੱਖ ਦੀ ਲਿਮਟ ਹੈ, ਜੋ ਕਿ ਬੈਂਕ ਮੈਨੇਜਰ ਨੇ ਉਸ ਦੇ ਬੱਚਤ ਖਾਤੇ ਵਿਚ ਤਬਦੀਲ ਕਰ ਦਿੱਤੀ ਤੇ ਜਦੋਂ ਗੁਰਸੇਮ ਸਿੰਘ ਪੈਸੇ ਕਢਵਾਉਣ ਗਿਆ ਤਾਂ ਉਹ ਉਸ ਨੂੰ ਲਾਰੇ ਲਾਉਂਦੇ ਰਹੇ। ਉਨ੍ਹਾਂ ਦੱਸਿਆ ਕਿ ਕਿਸਾਨ ਨੂੰ ਪੈਸੇ ਦੀ ਜ਼ਰੂਰਤ ਸੀ ਪਰ ਉਹ ਕਾਫ਼ੀ ਮਹੀਨਿਆਂ ਤੋਂ ਖੱਜਲ ਖੁਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੇਜਰ ਦਾ ਵਤੀਰਾ ਵੀ ਠੀਕ ਨਹੀਂ ਹੈ। ਉਨ੍ਹਾਂ ਬੈਂਕ ਅੱਗੇ ਰੋਸ ਵੀ ਪਰਗਟ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਿਸਾਨ ਆਗੂ ਸੁਖਪਾਲ ਸਿੰਘ ਮਾਣਕ, ਕਿਸਾਨ ਗੁਰਸੇਮ ਸਿੰਘ, ਰਾਜ ਸਿੰਘ ਤੇ ਭਿੰਦਰ ਸਿੰਘ ਬੀਰ ਕਲਾਂ ਵੀ ਮੌਜੂਦ ਸਨ।

ਜਦੋਂ ਬੈਂਕ ਦੇ ਮੈਨੇਜਰ ਸੁਭਾਸ਼ ਭੱਟੀ ਨਾਲ ਉਨ੍ਹਾਂ ਦਾ ਪੱਖ ਲੈਣ ਲਈ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਖਾਤਾਧਾਰਕ ਦਾ ਖਾਤਾ ਬੰਦ ਸੀ ਤੇ ਉਸ ਦੀ ਲਿਮਟ ਦੇ ਵੀ ਪੰਜ ਸਾਲ ਪੁਰੇ ਹੋ ਚੱੁਕੇ ਸਨ ਜਦਕਿ ਪੰਜ ਸਾਲਾ ਬਾਅਦ ਲਿਮਟ ਰਿਨਿਊ ਕਰਵਾਉਣੀ ਪੈਂਦੀ ਹੈ। ਗਾਹਕ ਦੇ ਖਾਤੇ ਨੂੰ ਦੁਬਾਰਾ ਤੋਂ ਚਾਲੂ ਕਰਵਾਉਣ ਲਈ ਪੈਨ ਕਾਰਡ ਤੇ ਆਧਾਰ ਕਾਰਡ ਦੀ ਮੰਗ ਕੀਤੀ ਸੀ ਪਰ ਦੋਵਾਂ ਵਿਚ ਜਨਮ ਮਿਤੀ ਵਿੱਚ ਫਰਕ ਹੋਣ ਕਾਰਨ ਸੋਧ ਕਰਵਾਉਣ ਲਈ ਕਿਹਾ ਗਿਆ ਸੀ ਤਾਂ ਕਿ ਉਨ੍ਹਾਂ ਦਾ ਬੰਦ ਪਿਆ ਖਾਤਾ ਚਾਲੂ ਕੀਤਾ ਜਾ ਸਕੇ।