ਰਵਿੰਦਰ ਸਿੰਘ ਰੇਸ਼ਮ, ਕੁੱਪ ਕਲਾਂ :

ਲਾਗਲੇ ਪਿੰਡ ਬੌੜਹਾਈ ਖੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਕਿਸਾਨ ਯੂਨੀਅਨ ਦੇ ਆਗੂਆਂ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਕੈਂਡਲ ਰੋਸ ਮਾਰਚ ਕੱਢ ਕੇ ਕੇਂਦਰੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ 'ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ' ਦੇ ਲੱਗੇ ਨਾਅਰੇ ਲਾਏ।

ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਲੇ ਖੇਤੀਬਾੜੀ ਕਾਨੂੰਨ ਧੱਕੇ ਨਾਲ ਕਿਸਾਨਾਂ ਉਪਰ ਥੋਪੇ ਜਾ ਰਹੇ ਹਨ। ਜੋ ਕਿਸਾਨ ਨੂੰ ਆਪਣੀ ਹੀ ਜ਼ਮੀਨ ਦੇ ਵਿੱਚ ਪਰਾਇਆ ਕਰ ਦੇਣ ਵਾਲੇ ਹਨ। ਰੋਸ ਮਾਰਚ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪਿੰਡ ਬੌੜਹਾਈ ਖ਼ੁਰਦ ਦੇ ਇਕਾਈ ਪ੍ਰਧਾਨ ਤਰਨਜੀਤ ਸਿੰਘ ਤਰਨਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਕਾਲੇ ਬਿੱਲ ਲਿਆ ਕੇ ਦੇਸ਼ ਦੇ ਕਿਸਾਨਾਂ 'ਤੇ ਮਜ਼ਦੂਰਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਜਿਨ੍ਹਾਂ ਦਾ ਕਿਸਾਨੀ ਅਤੇ ਅਰਥਚਾਰੇ ਸਮੇਤ ਸਮਾਜ ਦੇ ਹਰ ਵਰਗ 'ਤੇ ਮਾਰੂ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲੇੇ ਕਾਨੁੂੰਨਾਂ ਸਦਕਾ ਪੰਜਾਬ ਦੀ ਕਿਸਾਨੀ ਅਤੇ ਅਰਥਚਾਰਾ ਤਹਿਸ ਨਹਿਸ ਹੋ ਜਾਵੇਗਾ।

ਇਸ ਮੌਕੇ ਮੀਤ ਪ੍ਰਧਾਨ ਪਿੰਦਰ ਸਿੰਘ, ਖਜ਼ਾਨਚੀ ਦਰਸ਼ਨ ਸਿੰਘ, ਸਕੱਤਰ ਦਲਵਿੰਦਰ ਸਿੰਘ ਅਤੇ ਸੈਕਟਰੀ ਕਮਲ ਖ਼ਾਨ ਨੇ ਸਮੂਹ ਨਗਰ ਨਿਵਾਸੀਆਂ ਸਮੇਤ ਇਸ ਰੋਸ ਮਾਰਚ ਦੌਰਾਨ ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਆਲੋਚਨਾ ਕਰਦਿਆਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ।

-----