ਸ਼ੰਭੂ ਗੋਇਲ, ਲਹਿਰਾਗਾਗਾ: ''ਕਿਸਾਨ ਅਜੋਕੇ ਸਮੇਂ ਵਿਚ ਆਧੁਨਿਕ ਸੋਚ ਅਪਣਾਅ ਰਹੇ ਹਨ। ਇਵੇਂ ਹੀ ਕਿਸਾਨ ਮਲਕੀਤ ਸਿੰਘ ਅੜਕਵਾਸ ਨੇ ਕਾਫ਼ੀ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਾ ਕੇ ਚੌਗਿਰਦੇ ਲਈ ਪ੍ਰਤੀਬੱਧਤਾ ਪ੍ਰਗਟਾਈ ਹੈ, ਉੱਥੇ ਵਧੇਰੇ ਮੁਨਾਫ਼ਾ ਕਮਾਇਆ ਹੈ''। ਇਹ ਵਿਚਾਰ ਐੱਸਡੀਐੱਮ ਲਹਿਰਾ ਜੀਵਨਜੋਤ ਕੌਰ ਨੇ ਇਨ੍ਹਾਂ ਦੇ ਖੇਤ ਵਿਚ ਜਾ ਕੇ ਹੋਰ ਕਿਸਾਨਾਂ ਨੂੰ ਪ੍ਰੇਰਤ ਕਰਦਿਆਂ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਤੋਂ ਪ੍ਰੇਰਣਾ ਲੈਣ ਦੀ ਜ਼ਰੂਰਤ ਹੈ, ਜੋ ਆਪਣੇ 28 ਏਕੜ ਪੈਲੀ ਦੀ ਪਰਾਲੀ, ਵਰਵਿਉ ਕੰਪਨੀ ਭੁਟਾਲ ਕਲਾਂ ਨੂੰ ਸੌਂਪ ਦਿੰਦੇ ਹਨ। ਇਨ੍ਹਾਂ ਵੱਲੋਂ ਵੇਲਰ ਰਾਹੀਂ ਇਨ੍ਹਾਂ ਦੀਆਂ ਗੱਠਾਂ ਬਣਾਈਆਂ ਜਾਂਦੀਆਂ ਹਨ। ਬੇਲਰ ਰਾਹੀਂ ਇਕ ਏਕੜ ਵਿੱਚੋਂ ਛੇ ਜਾਂ ਸਤ ਬੰਡਲ ਬਣਾਏ ਜਾਂਦੇ ਹਨ ਜਿਨ੍ਹਾਂ ਦਾ ਭਾਰ ਪ੍ਰਤੀ ਬੰਡਲ ਤਿੰਨ-ਚਾਰ ਕੁਇੰਟਲ ਹੁੰਦਾ ਹੈ। ਇਸ ਸਦਕਾ ਇਨ੍ਹਾਂ ਨੂੰ 26 ਜਨਵਰੀ ਸਮੇਂ ਸਨਮਾਨਤ ਕੀਤਾ ਜਾਵੇਗਾ।

ਮੁੱਖ ਖੇਤੀਬਾੜੀ ਅਫ਼ਸਰ ਲਹਿਰਾ ਇੰਦਰਜੀਤ ਸਿੰਘ ਭੱਟੀ ਨੇ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਅੱਗ ਲਾਉਣ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਹੁੰਦਾ ਹੈ, ਉੱਥੇ ਸਿਹਤ ਵਾਸਤੇ ਇਸ ਦਾ ਜ਼ਹਿਰੀਲਾ ਧੁੰਆਂ ਖ਼ਤਰਨਾਕ ਹੁੰਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕਿਸਾਨ ਮਲਕੀਤ ਸਿੰਘ ਵਾਂਗੂੰ ਜਾਗਰੂਕ ਹੋ ਰਹੇ ਹਨ ਤੇ ਪਰਾਲੀ ਨੂੰ ਫੂਕੇ ਬਿਨਾਂ ਸੁਪਰਸੀਡਰ, ਹੈਪੀਸੀਡਰ ਜਾਂ ਪਲਟਾਵੇਂ ਹਲਾਂ ਰਾਹੀਂ ਕਣਕ ਦੀ ਬਿਜਾਈ ਕਰ ਰਹੇ ਹਨ।

ਕਿਸਾਨ ਮਲਕੀਤ ਸਿੰਘ ਨੇ ਦੱਸਿਆ, ''ਕਈ ਸਾਲਾਂ ਤੋਂ 28 ਏਕੜ ਜ਼ਮੀਨ ਵਿਚ ਕਣਕ ਜਾਂ ਨਾੜ ਜਾਂ ਪਰਾਲੀ ਨੂੰ ਕਦੇ ਅੱਗ ਨਹੀਂ ਲਾਈ। ਫ਼ਸਲ ਦੇ ਝਾੜ 'ਤੇ ਕਦੇ ਮਾੜਾ ਅਸਰ ਨਹੀਂ ਪਿਆ ਹੈ।''