ਕਰਮਜੀਤ ਸਿੰਘ ਸਾਗਰ, ਧਨੌਲਾ : ਪਿੰਡ ਹਰੀਗੜ੍ਹ ਵਿਖੇ ਗ਼ਰੀਬ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ, ਨੰਬਰਦਾਰ ਲਖਵੀਰ ਸਿੰਘ, ਸੁਸਾਇਟੀ ਮੈਂਬਰ ਭਾਨ ਸਿੰਘ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ ਤੇ ਗਰਜਾ ਸਿੰਘ ਨੇ ਦੱਸਿਆ ਕਿ ਮਿ੍ਤਕ ਪਾਲਾ ਸਿੰਘ (53) ਪੁੱਤਰ ਜ਼ੋਰਾ ਸਿੰਘ ਕੋਲ ਪੌਣਾ ਏਕੜ ਜ਼ਮੀਨ ਸੀ, ਜਿਸ 'ਚੋਂ ਉਸ ਨੇ ਕੁਝ ਕੁ ਜ਼ਮੀਨ ਗਹਿਣੇ ਕਰ ਕੇ ਬੱਕਰੀਆਂ ਦਾ ਧੰਦਾ ਸ਼ੁਰੂ ਕਰ ਲਿਆ ਸੀ। ਬੱਕਰੀਆਂ ਵਾਲੇ ਧੰਦੇ 'ਚੋਂ ਪਾਲਾ ਸਿੰਘ ਨੂੰ ਭਾਰੀ ਘਾਟਾ ਪੈ ਗਿਆ। ਫਿਰ ਉਸ ਨੇ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ 'ਚੋਂ ਵੀ ਘਾਟਾ ਪੈ ਗਿਆ, ਜਿਸ ਕਰਕੇ ਖ਼ਰਚਾ ਵਧ ਗਿਆ ਤੇ ਫਿਰ ਸਿਰ 'ਤੇ ਕਰਜ਼ਾ ਚੜ੍ਹ ਗਿਆ। ਇਸ ਨਾਲ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਪਿਆ ਤੇ ਪਿਛਲੇ ਦਿਨੀਂ ਖੇਤ 'ਚ ਜ਼ਹਿਰੀਲੀ ਦਵਾਈ ਨਿਗਲ ਲਈ। ਪਤਾ ਲੱਗਣ 'ਤੇ ਉਸ ਨੂੰ ਧਨੌਲਾ ਦੇ ਪ੍ਰਰਾਈਵੇਟ ਹਸਪਤਾਲ ਲਿਆਂਦਾ। ਉੱਥੇ ਡਾਕਟਰਾਂ ਨੇ ਹਾਲਤ ਗੰਭੀਰ ਦੇਖਦਿਆਂ ਕਿਸੇ ਹੋਰ ਹਸਪਤਾਲ ਲਿਜਾਣ ਲਈ ਆਖ ਦਿੱਤਾ ਤੇ ਰਸਤੇ 'ਚ ਹੀ ਪਾਲਾ ਸਿੰਘ ਦੀ ਮੌਤ ਹੋ ਗਈ। ਪਿੰਡ ਦੇ ਸਮੂਹ ਨਗਰ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਿ੍ਤਕ ਪਾਲਾ ਸਿੰਘ ਦੀ ਪਤਨੀ ਅਕਸਰ ਬਿਮਾਰ ਰਹਿੰਦੀ ਹੈ ਤੇ ਧੀ ਵੀ ਵਿਆਹੁਣਯੋਗ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਤਾਂ ਕਿ ਪਰਿਵਾਰ ਦਾ ਗੁਜ਼ਾਰਾ ਹੋ ਸਕੇ।