ਮਨੋਜ ਕੁਮਾਰ, ਧੂਰੀ : ਧੂਰੀ ਸ਼ਹਿਰ ਦੇ ਇੱਕ ਦਲਿਤ ਨੌਜਵਾਨ ਦੀ ਦੁਬਈ ਵਿਖੇ ਮੌਤ ਹੋਣ ਉਪਰੰਤ ਆਰਥਿਕ ਤੰਗੀ ਦੇ ਸ਼ਿਕਾਰ ਪਰਿਵਾਰ ਵੱਲੋਂ ਮਿ੍ਤਕ ਦੀ ਲਾਸ਼ ਪੰਜਾਬ ਲਿਆਉਣ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਰਾਹੀਂ ਮੈਂਬਰ ਪਾਰਲੀਮੈਂਟ ਸੰਗਰੂਰ ਭਗਵੰਤ ਮਾਨ ਨੂੰ ਮਦਦ ਦੀ ਅਪੀਲ ਗਈ ਹੈ।

ਜਾਣਕਾਰੀ ਅਨੁਸਾਰ ਢਾਈ ਸਾਲ ਪਹਿਲਾਂ ਧੂਰੀ ਸ਼ਹਿਰ ਦਾ ਨੌਜਵਾਨ ਗੁਰਮੁਖ ਸਿੰਘ ਰੁਜ਼ਗਾਰ ਦੀ ਭਾਲ 'ਚ ਦੁਬਈ ਗਿਆ ਸੀ, ਜਿੱਥੇ ਉਸ ਦੀ ਸ਼ਾਰਜਾਹ ਸ਼ਹਿਰ ਵਿਖੇ ਪਿਛਲੇ ਦਿਨੀਂ ਸੜਕ ਹਾਦਸੇ 'ਚ ਮੌਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ 'ਚ ਉਸ ਦੇ ਪਿਤਾ ਗੁਰਜੰਟ ਸਿੰਘ ਤੇ ਭਰਾ ਦਰਸ਼ਨ ਸਿੰਘ ਅਨੁਸਾਰ ਮਿ੍ਤਕ ਦੀ ਲਾਸ਼ ਪੰਜਾਬ ਲਿਆਉਣ ਲਈ ਉਹ ਖ਼ਰਚਾ ਕਰਨ ਤੋਂ ਅਸਮਰਥ ਹਨ ਅਤੇ ਇਸ ਲਈ ਉਹ ਪਿਛਲੇ ਦਿਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਨੂੰ ਉਨ੍ਹਾਂ ਦੇ ਧੂਰੀ ਸਥਿਤ ਦਫ਼ਤਰ ਵਿਖੇ ਮਿਲੇ, ਜਿੱਥੇ ਸੰਦੀਪ ਸਿੰਗਲਾ ਨੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਫ਼ੋਨ 'ਤੇ ਇਸ ਸਾਰੀ ਘਟਨਾ ਬਾਰੇ ਜਾਣੂ ਕਰਵਾਇਆ। ਬਾਅਦ 'ਚ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਮਿ੍ਤਕ ਗੁਰਮੁਖ ਸਿੰਘ ਦੀ ਲਾਸ਼ ਨੂੰ ਪੰਜਾਬ ਲਿਆਉਣ ਲਈ ਉਨ੍ਹਾਂ ਦੀ ਪੂਰੀ ਮਦਦ ਕਰਨਗੇ।

ਇਸ ਸੰਬੰਧੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਮਿ੍ਤਕ ਦੇ ਪਰਿਵਾਰ ਵੱਲੋਂ ਲਾਸ਼ ਪੰਜਾਬ ਲਿਆਉਣ ਸਬੰਧੀ ਮੁਹੱਈਆ ਕਰਵਾਏ ਗਏ ਲੋੜੀਂਦੇ ਕਾਗ਼ਜ਼ਾਤ ਭਗਵੰਤ ਮਾਨ ਤਕ ਪੁੱਜਦੇ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਵੱਲੋਂ ਲਾਸ਼ ਨੂੰ ਪੰਜਾਬ ਮੰਗਵਾਉਣ ਲਈ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ।