ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ: ਦਿੜ੍ਹਬਾ ਨੇੜੇ ਪਾਤੜਾਂ ਵੱਲ ਕੌਮੀ ਸ਼ਾਹਰਾਹ ਉੱਤੇ ਸਵੇਰੇ ਟੈਂਪੂ ਟਰੈਵਲ ਨੂੰ ਲੱਗੀ ਟੱਕਰ ਮਗਰੋਂ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਟੈਂਪੂ ਟਰੈਵਲ ਵਿਚ ਬੈਠੇ ਵਿਅਕਤੀ ਪਾਕਿਸਤਾਨ ਦੇ ਵਸਨੀਕ ਸਨ ਤੇ ਉਹ ਦਿੱਲੀ ਵਿਚ ਪਾਕਿਸਤਾਨ ਦੀ ਅੰਬੈਸੀ ਵਿਚ ਮੁਲਾਜ਼ਮਤ ਕਰਦੇ ਹਨ।

ਮੌਕੇ 'ਤੇ ਹਾਜ਼ਰ ਥਾਣਾ ਦਿੜਬਾ ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਬਦੁਲ ਵਾਹਿਦ ਤੇ ਮਨਸੂਰ ਅਹਿਮਦ ਦਿੱਲੀ ਵਿਚ ਪਾਕਿਸਤਾਨ ਦੀ ਅੰਬੈਸੀ ਦੇ ਮੁਲਾਜ਼ਮ ਹਨ। ਉਹ ਦਿੱਲੀ ਤੋਂ ਕਿਰਾਏ ਉੱਤੇ ਲਏ ਟੈਂਪੂ ਟਰੈਵਲ ਵਿਚ ਵਾਹਗਾ ਸਰਹੱਦ ਨੂੰ ਜਾ ਰਹੇ ਸਨ। ਇਸ ਦੌਰਾਨ ਦਿੜਬਾ ਨੇੜੇ ਪਿੰਡ ਕਾਕੂਵਾਲਾ ਲਾਗੇ ਉਨ੍ਹਾਂ ਤੋਂ ਅੱਗੇ ਜਾ ਰਹੇ ਟਰੱਕ ਨਾਲ ਵਜ ਕੇ ਟੈਂਪੂ ਟਰੈਵਲ ਅਚਾਨਕ ਪਿੱਛੇ ਜਾ ਟਕਰਾਈ। ਇਸ ਕਾਰਨ ਡਰਾਈਵਰ ਰਾਜ ਕੁਮਾਰ ਤੇ ਅੰਬੈਸੀ ਮੁਲਾਜ਼ਮ ਮਨਜ਼ੂਰ ਅਹਿਮਦ ਜ਼ਖ਼ਮੀ ਹੋ ਗਏ। ਦੋਵਾਂ ਦੀਆਂ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ।

ਮਨਜ਼ੂਰ ਨੂੰ ਇਲਾਜ ਲਈ ਐਂਬੂਲੈਂਸ ਦੇ ਜ਼ਰੀਏ ਦਿੱਲੀ ਭੇਜ ਦਿੱਤਾ ਗਿਆ ਹੈ। ਡਰਾਈਵਰ ਰਾਜ ਇਲਾਜ ਲਈ ਸੁਨਾਮ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਦੂਜੇ ਮੁਲਾਜ਼ਮ ਅਬਦੁਲ ਵਾਹਿਦ ਦੇ ਸਿਰ 'ਤੇ ਸੱਟ ਲੱਗੀ ਹੈ ਪਰ ਉਹ ਖ਼ਤਰੇ ਤੋਂ ਬਾਹਰ ਹੈ। ਅਬਦੁਲ ਵਾਹਿਦ ਨੇ ਦੱਸਿਆ ਕਿ ਉਹਦੇ ਨਾਲ ਪਤਨੀ ਸਮਾਇਰਾ, 15 ਸਾਲਾ ਪੁੱਤਰ ਓਸਾਮਾ ਵਾਹਿਦ, ਚਾਰ ਸਾਲਾ ਅਯਾਨ ਵਾਹਿਦ ਤੇ ਡੇਢ ਸਾਲਾ ਅਬੂਬਕਰ ਵਾਹਿਦ ਨਾਲ ਸਨ।

ਉਹ ਪਰਿਵਾਰ ਸਮੇਤ ਪਾਕਿਸਤਾਨ ਦੇ ਸ਼ਹਿਰ ਇਸਲਾਮਾਬਾਦ ਨੂੰ ਜਾ ਰਹੇ ਸੀ। ਅਬਦੁਲ ਵਾਹਿਦ ਪਿਛਲੇ ਦੋ ਸਾਲਾਂ ਤੋਂ ਦਿੱਲੀ ਐਮਬੈਸੀ ਅੰਦਰ ਬਤੌਰ ਡਰਾਈਵਰ ਨੌਕਰੀ ਕਰ ਰਿਹਾ ਹੈ। ਟਰੱਕ ਚਾਲਕ ਹਾਦਸੇ ਮਗਰੋਂ ਫ਼ਰਾਰ ਹੋ ਗਿਆ ਜਦਕਿ ਵਾਹਿਦ ਨੇ ਕਿਸੇ ਵੀ ਵਿਅਕਤੀ ਦੇ ਵਿਰੁੱਧ ਕਾਰਵਾਈ ਨਾ ਕਰਨ ਲਈ ਕਿਹਾ ਹੈ। ਫੇਰ ਵੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।