ਸ਼ੰਭੂ ਗੋਇਲ, ਲਹਿਰਾਗਾਗਾ : ਸ਼ਹਿਰੀ ਪਾਵਰਕਾਮ ਦਫ਼ਤਰ ਲਹਿਰਾਗਾਗਾ ਵਿਖੇ ਕੱਲ੍ਹ ਬਿਜਲੀ ਵਿਭਾਗ ਦੇ ਕੈਸ਼ੀਅਰ ਅਤੇ ਐੱਸਡੀਓ ਨਾਲ ਸ਼ਹਿਰ ਲਹਿਰਾਗਾਗਾ ਦੇ ਰਿਸ਼ਿਵ ਗੋਇਲ, ਰਿਤਿਕ ਗੋਇਲ, ਸ਼ੁਗਮ ਗੋਇਲ, ਓਮ ਪ੍ਰਕਾਸ਼ ਤੇ ਜੀਵਨ ਕੁਮਾਰ ਵੱਲੋਂ ਧੱਕੇਸ਼ਾਹੀ ਅਤੇ ਗਾਲੀ ਗਲੋਚ ਸਬੰਧੀ ਸਾਂਝੀ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿਚ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਅਤੇ ਅਫ਼ਸਰ ਨੇ ਹਿੱਸਾ ਲਿਆ ਅਤੇ ਇਸ ਹੋਈ ਮਾੜੀ ਘਟਨਾ ਦੀ ਨਿਖੇਧੀ ਕੀਤੀ। ਸਾਰੇ ਆਗੂਆਂ ਨੇ ਫ਼ੈਸਲਾ ਲਿਆ ਕਿ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਵਾ ਕੇ ਬਣਦੀ ਸਜ਼ਾ ਦਿੱਤੀ ਜਾਵੇ।

ਇਸ ਤੋਂ ਬਾਅਦ ਪਾਵਰਕਾਮ ਦੇ ਦਿਹਾਤੀ ਅਤੇ ਸ਼ਹਿਰੀ ਦੋਵੇਂ ਦਫ਼ਤਰਾਂ ਦੇ ਸਾਰੇ ਕਰਮਚਾਰੀ ਕਾਰਵਾਈ ਕਰਵਾਉਣ ਲਈ ਸਦਰ ਥਾਣਾ ਲਹਿਰਾਗਾਗਾ ਵਿਖੇ ਪਹੁੰਚੇ, ਜਿੱਥੇ ਮੁੱਖ ਥਾਣਾ ਅਫ਼ਸਰ ਕਿਸੇ ਸਰਕਾਰੀ ਕੰਮ ਕਾਰਨ ਬਾਹਰ ਗਏ ਹੋਏ ਸੀ। ਉਨ੍ਹਾਂ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਅਸੀਂ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ।

ਜ਼ਿਕਰਯੋਗ ਹੈ ਕਿ ਇੱਕ ਵਾਰ ਕੈਸ਼ੀਅਰ ਦੀ ਕੁੱਟਮਾਰ ਕਰਨ ਤੋਂ ਬਾਅਦ ਦੁਬਾਰਾ ਪੁਲਿਸ ਦੀ ਹਾਜ਼ਰੀ ਵਿਚ ਸ਼ਹਿਰੀ ਐੱਸਡੀਓ ਦੇ ਦਫ਼ਤਰ ਵਿਚ ਭੱਦੀ ਸ਼ਬਦਾਵਲੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਉਕਤ ਵਿਅਕਤੀਆਂ ਸਮੇਤ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀਆਂ ਗਈਆਂ। ਜਿਸ ਦਾ ਸਮੁੱਚੇ ਮੁਲਾਜ਼ਮਾਂ ਤੇ ਅਫ਼ਸਰਾਂ ਨੇ ਗੰਭੀਰ ਨੋਟਿਸ ਲਿਆ, ਕਿਉਂਕਿ ਜੇਕਰ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਹੀ ਇਹ ਸਭ ਹੋ ਰਿਹਾ ਹੈ। ਇਸ ਸਭ ਨਾਲ ਆਮ ਆਦਮੀ ਨੂੰ ਆਪਣੀ ਸੁਰੱਖਿਆ ਕਰਨੀ ਬਹੁਤ ਹੀ ਮੁਸ਼ਕਲ ਹੋਵੇਗੀ ਕਿਉਂਕਿ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਦਾ ਸਿੱਧਾ ਵਾਹ ਪਬਲਿਕ ਨਾਲ ਪੈਂਦਾ ਹੈ। ਜਿਸ ਕਾਰਨ ਸਾਰੇ ਮੁਲਾਜ਼ਮਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਥੇਬੰਦੀਆਂ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਦੇ ਦਿੱਤੇ ਭਰੋਸੇ ਅਨੁਸਾਰ ਜੇਕਰ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਅਮਲ ਵਿਚ ਨਾ ਲਿਆਂਦੀ ਤਾਂ ਸਮੁੱਚੇ ਬਿਜਲੀ ਕਾਮੇ ਇਨਸਾਫ਼ ਲੈਣ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ। ਮੀਟਿੰਗ ਵਿਚ ਇੰਜੀਨੀਅਰ ਕੁਨਾਲ ਕਾਲੜਾ, ਪੂਰਨ ਸਿੰਘ ਖਾਈ, ਦਵਿੰਦਰ ਸਿੰਘ ਪਸ਼ੌਰ, ਮਹਿੰਦਰ ਸਿੰਘ ਲਹਿਰਾ ਸਾਰੇ ਸੁਬਾਈ ਆਗੂ ਸੁਰਿੰਦਰ ਮੋਹਨ, ਰਾਮਚੰਦਰ ਸਿੰਘ ਖਾਈ, ਗੁਰਮੀਤ ਸਿੰਘ, ਹਰਭਜਨ ਸਿੰਘ, ਜਸਵਿੰਦਰ ਸਿੰਘ ਜੱਸਾ, ਗੁਰਮੇਲ ਸਿੰਘ ਖਾਈ, ਨਰੰਜਣ ਸਿੰਘ ਅਤੇ ਗੁਰਮੇਲ ਸਿੰਘ ਵੀ ਹਾਜ਼ਰ ਸਨ।