ਗੁਰਜੰਟ ਢੀਂਡਸਾ, ਮੂਨਕ :

ਨੇੜਲੇ ਪਿੰਡ ਡੂਡੀਆਂ ਵਿਖੇ ਸਥਾਪਤ ਜਲ ਸਪਲਾਈ ਘਰ ਵਾਟਰ ਵਰਕਸ ਦਾ ਕਈ ਮਹੀਨੇ ਪਹਿਲਾਂ ਬੋਰ ਟੁੱਟ ਜਾਣ ਕਾਰਨ ਪਿੰਡ ਵਾਸੀਆਂ ਨੂੰ ਪਾਣੀ ਦੀ ਘਾਟ ਸਬੰਧੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਲਾਕਡਾਊਣ ਦੇ ਕਾਰਨ ਲਗਪਗ ਦੋ ਮਹੀਨੇ ਤੋਂ ਵੱਧ ਸਮਾਂ ਬੋਰ ਖ਼ਰਾਬ ਹੋਣ 'ਤੇ ਲੋਕ ਸਾਫ ਪਾਣੀ ਤੋਂ ਵਾਂਝੇ ਹਨ।

ਇਸ ਦੇ ਕਾਰਨ ਗ਼ਰੀਬ ਜਨਤਾ ਅਤੇ ਪਸ਼ੂਆਂ ਲਈ ਭਾਰੀ ਦਿੱਕਤ ਪੇਸ਼ ਆ ਰਹੀ ਹੈ। ਇਸ ਸਬੰਧੀ ਪਿੰਡ ਦੇ ਉੱਘੇ ਸਮਾਜ ਸੇਵਕ ਅਤੇ ਅਕਾਲੀ ਆਗੂ ਗੁਰਦੀਪ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਵੇਂ ਇਸ ਸਬੰਧੀ ਪੰਚਾਇਤ ਵੱਲੋਂ ਪੂਰੀ ਚਾਰਾਜੋਈ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਬਣਦੀ ਕਾਗ਼ਜ਼ੀ ਕਾਰਵਾਈ ਕਰ ਕੇ ਫਾਈਲ ਪਾਸ ਹੋਣ ਲਈ ਮਹਿਕਮੇ ਕੋਲ ਭੇਜੀ ਜਾ ਚੁੱਕੀ ਹੈ। ਉਹ ਸਬੰਧਤ ਅਧਿਕਾਰੀਆਂ ਅਤੇ ਮੁੱਖ ਮੰਤਰੀ ਤੱਕ ਵਾਰ-ਵਾਰ ਬੇਨਤੀ ਕਰ ਚੁੱਕੇ ਹਨ ਪਰ ਲਾਕ-ਡਾਊਨ ਦੇ ਕਾਰਨ ਬੋਰ ਲਾਉਣ ਵਿੱਚ ਹੋ ਰਹੀ ਦੇਰੀ ਕਰਕੇ ਪਿੰਡ ਨਿਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਬੰਧੀ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਜਲਦੀ ਤੋਂ ਜਲਦੀ ਨਵਾਂ ਬੋਰ ਲਾ ਕੇ ਪਾਣੀ ਦੀ ਸਪਲਾਈ ਚਾਲੂ ਕੀਤੀ ਜਾਵੇ।