ਬਲਜੀਤ ਸਿੰਘ ਟਿੱਬਾ/ਜਾ.ਸ, ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਨੇ ਅੱਜ ਇੱਥੇ ਪੁਲਿਸ ਲਾਈਨਜ਼ ਵਿਖੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਪਤਨੀਆਂ ਨਾਲ ਵਿਆਹ ਤੋਂ ਬਾਅਦ ਪਹਿਲੀ ਤੀਜ ਮਨਾਈ। ਇੱਥੇ ਕਰਵਾਏ ਗਏ ਤੀਜ ਪ੍ਰੋਗਰਾਮ ਵਿੱਚ ਉਹ ਸੰਗਰੂਰ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਦੀ ਧਰਮਪਤਨੀ ਦੇ ਸੱਦੇ ’ਤੇ ਡਾ: ਗੁਰਪ੍ਰੀਤ ਕੌਰ ਆਪਣੀ ਨਨਾਣ ਮਨਪ੍ਰੀਤ ਕੌਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਐਤਵਾਰ ਰਾਤ ਨੂੰ ਹੋਏ ਪ੍ਰੋਗਰਾਮ 'ਚ ਮੁੱਖ ਮੰਤਰੀ ਦੀ ਪਤਨੀ ਅਤੇ ਭੈਣ ਨੂੰ ਆਪਣੇ ਵਿਚਕਾਰ ਮਿਲਣ 'ਤੇ ਔਰਤਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।

ਉਨ੍ਹਾਂ ਨੇ ਡਾ: ਗੁਰਪ੍ਰੀਤ ਕੌਰ ਅਤੇ ਸੀਐਮ ਦੀ ਭੈਣ ਦਾ ਫੁਲਕਾਰੀ ਪਾ ਕੇ ਸਵਾਗਤ ਕੀਤਾ। ਤੀਜ ਪ੍ਰੋਗਰਾਮ ਵਿੱਚ ਪੁਲਿਸ ਲਾਈਨ ਦੀਆਂ ਸਾਰੀਆਂ ਔਰਤਾਂ ਪੰਜਾਬੀ ਪਹਿਰਾਵੇ ਵਿੱਚ ਪਹੁੰਚੀਆਂ। ਉਸ ਨੇ ਪੰਜਾਬੀ ਬੋਲੀਆਂ ਦੀ ਪੇਸ਼ਕਾਰੀ ਕਰਦਿਆਂ ਗਿੱਧਾ ਪਾਇਆ। ਸਮਾਗਮ ਵਿੱਚ ਰਵਾਇਤੀ ਪੰਜਾਬੀ ਢੰਗ ਨਾਲ ਬੀਬੀਆਂ ਨੇ ਖੂਬ ਧਮਾਲਾਂ ਪਾਈਆਂ।

ਵਾਤਾਵਰਨ ਅਤੇ ਧੀਆਂ ਨੂੰ ਬਚਾਉਣ ਦਾ ਦਿੱਤਾ ਸੰਦੇਸ਼

ਕੁੱਖ ਅਤੇ ਰੁੱਖ ਬਚਾਉਣ ਦਾ ਸੰਦੇਸ਼ ਦਿੰਦਿਆਂ ਡਾ ਗੁਰਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਕਿਹਾ ਕਿ ਤੀਜ ਦਾ ਤਿਉਹਾਰ ਸਾਡੇ ਸੱਭਿਆਚਾਰ ਦਾ ਅਟੁੱਟ ਅੰਗ ਹੈ । ਉਨ੍ਹਾਂ ਕਿਹਾ ਕਿ ਸਾਉਣ ਦੇ ਮਹੀਨੇ ਵਿੱਚ ਤੀਜ ਦਾ ਤਿਉਹਾਰ ਆਉਂਦਾ ਹੈ । ਇਸ ਮੌਕੇ ਤਿਉਹਾਰ ਨੂੰ ਮਨਾਉਣ ਦੇ ਲਈ ਔਰਤਾਂ ਇਕੱਠੀਆਂ ਹੁੰਦੀਆਂ ਹਨ ਅਤੇ ਸੱਭਿਆਚਾਰ ਨਾਲ ਜੁੜੀਆਂ ਬੋਲੀਆਂ ਅਤੇ ਪਹਿਰਾਵਾ ਪਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿਚ ਵਾਤਾਵਰਨ ਲਗਾਤਾਰ ਗੰਧਲਾ ਹੋ ਰਿਹਾ ਹੈ। ਇਸ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ ਹਰ ਖੇਤਰ 'ਚ ਕੁੜੀਆਂ ਮੁੰਡਿਆਂ ਦੇ ਮੁਕਾਬਲੇ ਅੱਗੇ ਨਿਕਲ ਗਈਆਂ ਹਨ। ਉਨ੍ਹਾਂ ਕਿਹਾ ਕਿ ਤੀਜ ਦੇ ਤਿਉਹਾਰ ਮੌਕੇ ਰੁੱਖ ਅਤੇ ਕੁੱਖ ਨੂੰ ਬਚਾਉਣ ਦੇ ਲਈ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ।

Posted By: Jagjit Singh