ਬੂਟਾ ਸਿੰਘ ਚੌਹਾਨ, ਸੰਗਰੂਰ : ਪੰਜਾਬ ਸਰਕਾਰ ਦੇ ਉੱਚ ਸਿੱਖਿਆ ਅਧਿਕਾਰੀਆਂ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਇਲਾਵਾ ਆਮ ਗਿਆਨ, ਵਿਗਿਆਨ, ਸਾਹਿਤ, ਭਾਸ਼ਾ, ਇਤਿਹਾਸ, ਸਭਿਆਚਾਰ ਆਦਿ ਨਾਲ਼ ਜੋੜਣ ਦੇ ਉਦੇਸ਼ ਦੀ ਪ੍ਰਤੀ ਪੂਰਤੀ ਲਈ ਜੁਲਾਈ ਅਤੇ ਅਗਸਤ ਦੇ ਮਹੀਨਿਆਂ ਵਿੱਚ ਪੁਸਤਕ ਲੰਗਰ ਲਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਛਾਜਲੀ ਦੇ ਪਿ੍ਰੰਸੀਪਲ ਡਾ. ਇਕਬਾਲ ਸਿੰਘ ਦੀ ਪੇ੍ਰਨਾ ਸਦਕਾ ਤਰਨਦੀਪ ਸਿੰਘ ਨਿਵਾਸੀ ਲਹਿਰਾਗਾਗਾ ਨੇ ਅੱਜ ਵਿਗਿਆਨ ਵਿਸ਼ੇ ਦੀਆਂ ਪੁਸਤਕਾਂ ਭੇਟ ਕੀਤੀਆਂ ਹਨ, ਜਿਨ੍ਹਾਂ ਦੀ ਕੁੱਲ ਕੀਮਤ ਪੰਜ ਹਜ਼ਾਰ ਰੁਪਏ ਤੋਂ ਉੱਪਰ ਬਣਦੀ ਹੈ। ਇਸ ਮੌਕੇ ਸਕੂਲ ਮੁਖੀ ਡਾ. ਇਕਬਾਲ ਸਿੰਘ ਨੇ ਕਿਹਾ ਕਿ ਇਹ ਪੁਸਤਕਾਂ ਹੀ ਹਨ, ਜੋ ਸਾਨੂੰ ਚੰਗੇਰੀ ਜੀਵਨ ਜਾਚ ਸਿਖਾਉਣ ਦੇ ਨਾਲ਼ ਨਾਲ਼ ਸਾਡੇ ਜੀਵਨ ਵਿਚੋਂ ਗਰੀਬੀ, ਲਾਚਾਰੀ, ਭੁੱਖਮਰੀ, ਬੇਵੱਸੀ ਅਤੇ ਨਿਰਾਸ਼ਤਾ ਨੂੰ ਦੂਰ ਕਰਦੀਆਂ ਹਨ। ਮਾਸਟਰ ਪਰਮਜੀਤ ਨੇ ਸਕੂਲ ਨੂੰ ਪੁਸਤਕਾਂ ਦਾਨ ਕਰਨ ਵਾਲੇ ਤਰਨਜੀਤ ਸਿੰਘ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਲੈਕਚਰਾਰ ਇੰਦਰਾ, ਧਰਮ ਸਿੰਘ ਲਾਇਬ੍ਰੇਰੀਅਨ ਰਿਸਟੋਰਰ, ਨਵਦੀਪ ਸਿੰਘ ਅਤੇ ਭੀਮ ਸਿੰਘ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।