ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਟ੍ਰਾਈਡੈਂਟ ਗਰੁੱਪ ਵਲੋਂ ਚੇਅਰਮੈਨ ਪਦਮ ਸ੍ਰੀ ਰਾਜਿੰਦਰ ਗੁਪਤਾ ਦੀ ਅਗਵਾਈ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਦਿਨਾਂ ਲਾਇਆ ਦੀਵਾਲੀ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਇਸ ਮੇਲੇ ਦੇ ਆਖੀਰਲੇ ਦਿਨ ਉਘੇ ਲੋਕ ਗਾਇਕ ਰਣਜੀਤ ਬਾਵਾ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਹ ਮੇਲਾ 19 ਅਕਤੂਬਰ ਤੋਂ ਟ੍ਰਾਈਡੈਂਟ ਦੇ ਅਰੁਣ ਮੈਮੋਰੀਅਲ ਕੰਪਲੈਕਸ ਬਰਨਾਲਾ 'ਚ ਸ਼ੁਰੂ ਹੋਇਆ, ਜੋ 21 ਅਕਤੂੁਬਰ ਤਕ ਚੱਲਿਆ। ਮੇਲੇ ਦੌਰਾਨ 25 ਤੋਂ 30 ਹਜ਼ਾਰੀ ਦੀ ਸੰਖਿਆ 'ਚ ਪੁੱਜ ਕੇ ਲੋਕਾਂ ਨੇ ਟ੍ਰਾਈਡੈਂਟ ਵਲੋਂ ਲਗਾਈ ਗਈ ਪ੍ਰਦਰਸ਼ਨੀ 'ਚ ਖ਼ਰੀਦਦਾਰੀ ਕੀਤੀ। ਇਸ ਪ੍ਰਦਰਸ਼ਨੀ 'ਚ ਟ੍ਰਾਈਡੈਂਟ ਦੇ ਤੋਲੀਏ, ਚਾਦਰਾਂ, ਬੈਡ ਸ਼ੀਟ, ਕੰਬਲ ਆਦਿ ਰੱਖੇ ਗਏ। ਮੇਲੇ ਦੇ ਤੀਸਰੇ ਦਿਨ ਨੂੰ ਮਿਊਜ਼ੀਕਲ ਨਾਈਟ ਕਰਵਾਈ ਗਈ। ਮਿਊਜ਼ੀਕਲ ਨਾਈਟ ਦੌਰਾਨ ਬਰਨਾਲਾ ਦੇ ਸਹਾਇਕ ਡਿਪਟੀ ਕਮਿਸ਼ਨਰ ਮੈਡਮ ਰੂਹੀ ਦੁੱਗ, ਐੱਸਐੱਸਪੀ ਹਰਜੀਤ ਸਿੰਘ, ਡੀਐੱਸਪੀ ਪ੍ਰੱਗਿਆ ਜੈਨ, ਡੀਐੱਸਪੀ ਰਾਜੇਸ਼ ਿਛੱਬਰ, ਸੰਜੀਵ ਸ਼ੋਰੀ ਪ੍ਰਧਾਨ ਨਗਰ ਕੌਂਸ਼ਲ, ਪਰਮਿੰਦਰ ਸਿੰਘ ਡੀਐਸਪੀ ਸਮੇਤ ਵੱਡੀ ਗਿਣਤੀ 'ਚ ਪਤਵੰਤਿਆਂ ਨੇ ਹਾਜ਼ਰੀ ਲਗਵਾਈ। ਮਿਊਜ਼ੀਕਲ ਨਾਈਟ ਦੌਰਾਨ ਪੰਜਾਬੀ ਅਦਾਕਾਰ ਤੇ ਗਾਇਕ ਰਣਜੀਤ ਬਾਵਾ ਨੇ ਆਪਣੇ ਗੀਤਾਂ 'ਤੇ ਲੋਕਾਂ ਨੂੰ ਝੂੰਮਣ ਲਾ ਦਿੱਤਾ। ਇਸ ਮੌਕੇ ਰਣਜੀਤ ਬਾਵਾ ਵਲੋਂ 'ਰੋਟੀ, ਮੇਰੀਏ ਸਰਦਾਰਨੀਏ, ਸ਼ੇਰ ਮਾਰਨਾ, ਜੱਟ ਦੀ ਅਕਲ, ਯਾਰੀ ਚੰਡੀਗੜ੍ਹ ਵਾਲੀਏ, ਸਵੈਗ ਜੱਟ ਦਾ, ਜੱਟਾਂ ਵਾਲੀ, ਸਕੌਡਾ ਸਮੇਤ ਹੋਰ ਮਨੋਰਜੰਕ ਭਰਪੂਰ ਗੀਤ ਸੁਣਾ ਕੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸਮਾਗਮ ਦੇ ਅੰਤ 'ਚ ਚੇਅਰਮੈਨ ਪਦਮ ਸ੍ਰੀ ਰਾਜਿੰਦਰ ਗੁਪਤਾ ਵਲੋਂ ਐਡਮਿਨ ਹੈਡ ਰੁਪਿੰਦਰ ਗੁਪਤਾ ਨੇ ਸਮੂਹ ਬਰਨਾਲਾ ਨਿਵਾਸੀਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।

ਜ਼ਿਕਰਯੋਗ ਹੈ ਕਿ ਟ੍ਰਾਈਡੈਂਟ ਵਲੋਂ 1999 ਤੋਂ ਲੈ ਕੇ ਲਗਾਤਾਰ ਦੀਵਾਲੀ ਮੇਲਾ ਬਰਨਾਲਾ ਵਿਖੇ ਲਗਾਇਆ ਜਾਂਦਾ ਹੈ। ਪਿਛਲੇ 20 ਸਾਲਾਂ ਤੋਂ ਇਸ ਮੇਲੇ 'ਚ ਜ਼ਿਲ੍ਹੇ ਭਰ ਦੇ ਲੋਕ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਂਦੇ ਹਨ ਤੇ ਖ਼ਰੀਦਦਾਰੀ ਸਮੇਤ ਮਨੋਰਜੰਕ ਪ੍ਰਰੋਗਰਾਮ ਦਾ ਆਨੰਦ ਲੈਂਦੇ ਹਨ। ਟ੍ਰਾਈਡੈਂਟ ਵਲੋਂ ਚੇਅਰਮੈਨ ਰਾਜਿੰਦਰ ਗੁਪਤਾ ਦੀ ਅਗਵਾਈ 'ਚ ਜਿੱਥੇ ਜ਼ਿਲ੍ਹਾ ਬਰਨਾਲਾ ਸਮੇਤ ਇਲਾਕੇ ਭਰ ਕੇ ਲੋਕਾਂ ਨੂੰ ਰੁਜ਼ਗਾਰ ਮੇਲੇ ਲਗਾ ਕੇ ਵੱਡੇ ਪੱਧਰ 'ਤੇ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਉਥੇ ਸਮਾਜ ਸੇਵਾ ਦੇ ਕੰਮਾਂ ਵਿੱਚ ਅੱਗੇ ਹੋ ਕੇ ਯੋਗਦਾਨ ਪਾਇਆ ਜਾਂਦਾ ਹੈ। ਟ੍ਰਾਈਡੈਂਟ ਵਲੋਂ ਹਰ ਵਰ੍ਹੇ ਲੋਕਾਂ ਦੀ ਸਹੂਲਤ ਲਈ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਜਿਸ 'ਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚ ਕੇ ਇਲਾਜ਼ ਕਰਵਾਉਂਦੇ ਹਨ। ਇਸ ਤੋਂ ਇਲਾਵਾ ਵਾਤਾਵਰਨ ਸ਼ੁੱਧਤਾ ਲਈ ਪੌਦੇ ਲਗਾਉਣ ਸਮੇਤ ਹਰ ਸ਼ਹਿਰ ਦੇ ਸਾਂਝੇ ਕਾਰਜ਼ਾਂ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ।