ਪਵਿੱਤਰ ਸਿੰਘ, ਅਮਰਗੜ੍ਹ : ਮੂਲਬੱਧਾ ਸਲੇਮਪੁਰ ਸੜਕ 'ਤੇ ਸਥਿਤ ਲੋਹਾ ਪਿਘਲਾਉਣ ਵਾਲੀ ਫੈਕਟਰੀ ਦੀਦਾਰ ਸਟੀਲ ਕੰਪਲੈਕਸ ਅਮਰਗੜ੍ਹ ਵਿਚ ਬੀਤੀ 22 ਸਤੰਬਰ ਨੂੰ ਕਿਰਤੀਆਂ ਨਾਲ ਗੰਭੀਰ ਹਾਦਸਾ ਵਾਪਰਿਆ ਸੀ। ਕਾਰਖ਼ਾਨੇ ਵਿਚ ਲੋਹਾ ਪਿਘਲਾ ਰਹੀ ਭੱਠੀ ਅੰਦਰ ਸਪਾਰਕ ਹੋਣ ਨਾਲ ਭੱਠੀ ਵਿੱਚੋਂ ਪਿਘਲਿਆ ਹੋਇਆ ਲਾਵਾ ਉਛਲ ਕੇ ਕੰਮ ਕਰਦੇ ਮਜ਼ਦੂਰਾਂ ਉੱਪਰ ਪੈ ਗਿਆ ਸੀ। ਇਸ ਕਾਰਨ 5 ਮਜ਼ਦੂਰ ਗੰਭੀਰ ਰੂਪ ਵਿਚ ਝੁਲਸ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਬਿਹਾਰ ਨਿਵਾਸੀ ਮਜਦੂਰ ਗੁੱਡੂ ਝਾਅ, ਝਾਰਖੰਡ ਵਾਸੀ ਅਨਿਲ ਕੁਮਾਰ, ਉੱਤਰ ਪ੍ਰਦੇਸ਼ ਵਾਸੀ ਮੁਕੇਸ਼ ਕੁਮਾਰ, ਬਿਹਾਰ ਨਿਵਾਸੀ ਸੁੰਦਰ ਦਾਸ ਦੀ ਮੌਤ ਹੋ ਚੁੱਕੀ ਹੈ ਜਦਕਿ ਮਜ਼ਦੂਰ ਸੰਜੂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਹਾਦਸੇ ਦੌਰਾਨ ਘੱਟ ਜ਼ਖ਼ਮੀ ਹੋਏ ਨਿੱਕਾ ਸਿੰਘ ਅਤੇ ਮੱਘਰ ਸਿੰਘ ਨੂੰ ਸਰਕਾਰੀ ਹਸਪਤਾਲ ਨਾਭਾ ਤੋਂ ਇਲਾਜ ਕਰਾਉਣ ਮਗਰੋਂ ਛੁੱਟੀ ਮਿਲ ਚੁੱਕੀ ਹੈ ।

ਜਦੋਂ ਇਸ ਸਬੰਧੀ ਇੰਸਪੈਕਟਰ ਵਿਨਰਪ੍ਰਰੀਤ ਸਿੰਘ ਮੁੱਖ ਅਫਸਰ ਥਾਣਾ ਅਮਰਗੜ੍ਹ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਿ੍ਤਕਾਂ ਦੀਆਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ 174 ਦੀ ਕਾਰਵਾਈ ਕੀਤੀ ਗਈ ਹੈ।