ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ :

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਰੋਸ ਵਜੋਂ ਸ੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਸੰਸਦੀ ਸਕੱਤਰ ਤੇ ਹਲਕਾ ਇੰਚਾਰਜ਼ ਮਹਿਲ ਕਲਾਂ ਸੰਤ ਬਲਵੀਰ ਸਿੰਘ ਘੁੰਨਸ ਦੀ ਅਗਵਾਈ ਹੇਠ ਬਰਨਾਲਾ ਲੁਧਿਆਣਾ ਮੁੱਖ ਮਾਰਗ ਪਿੰਡ ਵਜੀਦਕੇ ਖੁਰਦ ਵਿਖੇ ਰੋਸ਼ ਧਰਨਾ ਦਿੱਤਾ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਬਿੱਲਾਂ ਦੇ ਰੋਸ ਵਜੋਂ ਜਿਥੇ ਪਾਰਟੀ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ 'ਚ ਵਿਰੋਧ ਕੀਤਾ ਗਿਆ ਉਥੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਮੰਤਰੀ ਪਦ ਤੋਂ ਅਸਤੀਫ਼ਾਂ ਦੇ ਕੇ ਕਿਸਾਨਾਂ ਦੇ ਹੱਕ 'ਚ ਖੜ੍ਹਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਨੇ ਹਮੇਸ਼ਾਂ ਹੀ ਪੰਜਾਬ ਤੇ ਕਿਸਾਨਾਂ ਦੇ ਹੱਕਾਂ ਲਈ ਲੰਮੀ ਲੜਾਈ ਲੜੀ ਹੈ, ਹੁਣ ਇਸ ਲੜਾਈ 'ਚ ਵੀ ਪਾਰਟੀ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ। ਇਸ ਮੌਕੇ ਅਮਨਦੀਪ ਸਿੰਘ ਕਾਂਝਲਾ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਜਥੇਦਾਰ ਨਾਥ ਸਿੰਘ ਹਮੀਦੀ,ਯੂਥ ਆਗੂ ਤਰਨਜੀਤ ਸਿੰਘ ਦੁੱਗਲ, ਜਥੇਦਾਰ ਗੁਰਦੀਪ ਸਿੰਘ ਛਾਪਾ, ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ , ਯੂਥ ਆਗੂ ਦਵਿੰਦਰ ਸਿੰਘ ਵਜੀਦਕੇ, ਗੁਰਸੇਵਕ ਸਿੰਘ ਗਾਗੇਵਾਲ, ਬਲਦੇਵ ਸਿੰਘ ਗਾਗੇਵਾਲ, ਬਲਵੰਤ ਸਿੰਘ ਛੀਨੀਵਾਲ, ਰਿੰਕਾ ਬਾਹਮਣੀਆ, ਲਛਮਣ ਸਿੰਘ ਮੂੰਮ, ਸੁਰਜੀਤ ਸਿੰਘ ਵਿਰਕ, ਗੁਰਮੇਲ ਸਿੰਘ ਦੀਵਾਨਾ, ਮਹਿਲਾ ਆਗੂ ਪਰਮਜੀਤ ਕੌਰ ਚੀਮਾ, ਬੇਅੰਤ ਕੌਰ ਖਹਿਰਾ, ਪਰਮਜੀਤ ਕੌਰ ਗੌੜੀਆਂ, ਸਾਬਕਾ ਸਰਪੰਚ ਦਰਸਨ ਸਿੰਘ ਰਾਣੂ ਹਾਜ਼ਰ ਸਨ।

-ਬਾਕਸ ਨਿਊਜ-

-ਲੱਖੋਵਾਲ ਵੱਲੋਂ ਨਾਅਰੇਬਾਜ਼ੀ ਕਰਨ ਤੇ ਅਕਾਲੀ ਆਗੂ ਨੇ ਮਾਰੇ ਮਿਹਣੇ-

ਇਸ ਰੋਸ ਧਰਨੇ ਸਥਿਤੀ ਉਸ ਸਮੇਂ ਅਜੀਬੋ ਗਰੀਬ ਦੇਖਣ ਨੂੰ ਮਿਲੀ ਜਦੋਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਨੌਜਵਾਨਾਂ ਦਾ ਵੱਡਾ ਕਾਫ਼ਲਾ ਬਰਨਾਲਾ ਤੋਂ ਮਹਿਲ ਕਲਾਂ 'ਚ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ 'ਚ ਸ਼ਾਮਲ ਹੋਣ ਲਈ ਲੰਿਘਆਂ। ਪਿੰਡ ਵਜੀਦਕੇ ਖੁਰਦ ਵਿਖੇ ਸ੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਧਰਨੇ 'ਚੋ ਲੰਘਣ ਸਮੇਂ ਕਾਫ਼ਲੇ 'ਚ ਸ਼ਾਮਲ ਨੌਜਵਾਨਾਂ ਵੱਲੋਂ ਜੋਸ਼ 'ਚ ਆ ਕੇ 'ਮੋਦੀ ਸਰਕਾਰ ਮੁਰਦਾਬਾਦ ਸ੍ਰੋਮਣੀ ਅਕਾਲੀ ਦਲ ਮੁਰਦਾਬਾਦ ' ਦੇ ਨਾਅਰੇ ਲਗਾਉਣੇ ਸੁਰੂ ਕਰ ਦਿੱਤੇ। ਉਸ ਸਮੇਂ ਧਰਨੇ ਨੂੰ ਸੰਬੋਧਨ ਕਰ ਰਹੇ ਯੂਥ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਤਰਨਜੀਤ ਸਿੰਘ ਦੁੱਗਲ ਜਜ਼ਬਾਤੀ ਹੋ ਕੇ ਨੇ ਮਾਇਕ ਤੋਂ ਹੀ ਕਾਫ਼ਲੇ 'ਚ ਸ਼ਾਮਲ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਲੱਖੋਵਾਲ ਗਰੁੱਪ ਵੱਲੋਂ ਅਕਾਲੀ ਸਰਕਾਰ ਸਮੇਂ ਮਾਣੇ ਸੱਤਾ ਸੁੱਖ ਦਾ ਮਿਹਣਾ ਮਾਰ ਦਿੱਤਾ। ਦੁੱਗਲ ਨੇ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਅਕਾਲੀ ਸਰਕਾਰ ਸਮੇਂ ਸੱਤਾ ਦਾ ਸੁੱਖ ਮਾਨਣ ਵਾਲੇ ਲੋਕ ਹੀ ਅੱਜ ਕਿਸਾਨਾਂ ਨੂੰ ਸ੍ਰੋਮਣੀ ਅਕਾਲੀ ਦਲ ਖ਼ਿਲਾਫ਼ ਭੜਕਾ ਰਹੇ ਹਨ। ਭਾਕਿਯੂ ਲੱਖੋਵਾਲ ਦੇ ਨੌਜਵਾਨਾਂ ਦਾ ਕਾਫ਼ਲਾ ਸ੍ਰੋਮਣੀ ਅਕਾਲੀ ਦਲ ਮੁਰਦਾਬਾਦ ਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਮਾਰਦਾ ਮਹਿਲ ਕਲਾਂ ਲਈ ਲੰਘ ਗਿਆ।