ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ : ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਧਨੇਰ ਦੇ ਵੱਡੇ ਭਰਾ ਜਗਜੀਤ ਸਿੰਘ ਧਨੇਰ (67) ਪੁੱਤਰ ਜਰਨੈਲ ਸਿੰਘ ਦਾ ਸਵੇਰੇ ਛੇ ਵਜੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜਿਸ ਉਪਰੰਤ ਸ਼ਾਮ ਪਿੰਡ ਧਨੇਰ ਦੇ ਸ਼ਮਸ਼ਾਨ ਘਾਟ 'ਚ ਉਸਦਾ ਅੰਤਿਮ ਸਸਕਾਰ ਕੀਤਾ ਗਿਆ।ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਮਨਜੀਤ ਧਨੇਰ ਨੂੰ ਵੀ ਪੁਲਿਸ ਸਸਕਾਰ 'ਚ ਸ਼ਾਮਲ ਕਰਨ ਲਈ ਬਰਨਾਲਾ ਜੇਲ੍ਹ ਤੋਂ ਸ਼ਮਸ਼ਾਨ ਘਾਟ ਲੈ ਕੇ ਆਈ। ਇਸ ਮੌਕੇ ਇਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਨਰਾਇਣ ਦੱਤ, ਜ਼ਿਲ੍ਹਾ ਪ੍ਰਧਾਨ ਰਾਜਿੰਦਰਪਾਲ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਵਿੱਤ ਸਕੱਤਰ ਰਾਮ ਸਿੰਘ ਮਟੋਰੜਾ, ਜ਼ਿਲ੍ਹਾ ਆਗੂ ਬਲਦੇਵ ਸੱਦੋਵਾਲ, ਸ਼ਹੀਦ ਕਿਰਨਜੀਤ ਕੌਰ ਦੇ ਪਿਤਾ ਮਾਸਟਰ ਦਰਸ਼ਨ ਸਿੰਘ, ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਕਨਵੀਨਰ ਗੁਰਵਿੰਦਰ ਕਲਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀਆਂ ਸਮੂਹ ਪਿੰਡ ਇਕਾਈਆਂ ਸਮੇਤ ਵੱਡੀ ਗਿਣਤੀ 'ਚ ਇਨਕਲਾਬੀ ਜ਼ਮਹੂਰੀ ਸ਼ਖਸ਼ੀਅਤਾਂ ਨੇ ਪਰਿਵਾਰ ਦਾ ਦੁੱਖ ਸਾਂਝਾ ਕੀਤਾ। ਇਸ ਮੌਕੇ ਆਗੂ ਨਰਾਇਣ ਦੱਤ ਨੇ ਕਿਹਾ ਕਿ ਮਨਜੀਤ ਧਨੇਰ ਨੂੰ ਝੂਠੇ ਕੇਸ 'ਚ ਉਮਰ ਕੈਦ ਦੀ ਸਜ਼ਾ ਹੋਈ ਹੈ ਤੇ ਉਸ ਨੂੰ ਸੰਘਰਸ਼ ਦੇ ਜ਼ੋਰ 'ਤੇ ਜਲਦ ਹੀ ਜੇਲ੍ਹ 'ਚੋਂ ਰਿਹਾਅ ਕਰਵਾ ਲਿਆ ਜਾਵੇਗਾ।