ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਦੇਸ਼ ਅੰਦਰ ਇਨਸਾਫ਼ ਪਸੰਦ ਲੋਕਾਂ ਤੇ ਸੰਘਰਸਸ਼ੀਲ ਆਗੂਆਂ ਦੀਆਂ ਕੁਰਬਾਨੀਆਂ ਇਕ ਮਿਸਾਲ ਬਣੀਆਂ ਹਨ। ਉਨ੍ਹਾਂ ਦੀਆਂ ਕੁਰਬਾਨੀਆਂ ਲੋਕਾਂ ਦੇ ਦਿਲਾਂ 'ਤੇ ਇਕ ਡੂੰਘੀ ਛਾਪ ਛੱਡ ਚੁੱਕੀਆਂ ਹਨ।

ਇਸੇ ਤਰ੍ਹਾਂ ਦੇ ਇਕ ਲੋਕ ਆਗੂ ਮਨਜੀਤ ਸਿੰਘ ਧਨੇਰ ਲੋਕਾਂ ਲਈ ਲੜਦਾ ਹੋਇਆ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਧੱਕੇ ਚੜ੍ਹ ਕੇ ਜੇਲ੍ਹ 'ਚ ਬਿਨਾਂ ਕਿਸੇ ਕਾਰਨ ਸਜ਼ਾ ਕੱਟਣ ਲਈ ਮਜ਼ਬੂਰ ਹੋ ਗਿਆ ਪਰ ਇਸ ਲੋਕ ਆਗੂ ਦੇ ਹੱਕ 'ਚ ਸਮੁੱਚੇ ਸੂਬੇ ਦੇ ਲੋਕਾਂ ਦਾ ਸੈਲਾਬ ਕੁਰਬਾਨੀਆਂ ਦੇਣ ਲਈ ਤਿਆਰ ਹੈ, ਜੋ ਆਗੂ ਦੀ ਰਿਹਾਈ ਤਕ ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਡਟਿਆ ਹੋਇਆ ਹੈ। ਲੋਕਾਂ ਦੇ ਇਸ ਵਿਸ਼ਾਲ ਇਕੱਠ ਨੇ ਸਰਕਾਰਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੋਰ ਨੇ ਖੱਬੇ ਪੱਖੀ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਅਦਾਲਤ ਵੱਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਮੁਆਫ਼ ਕਰਨ ਦੇ ਫ਼ੈਸਲੇ ਨੂੰ ਪ੍ਰਵਾਨਗੀ ਦੇੇ ਦਿੱਤੀ ਹੈ।

ਕਿਸਾਨ ਤੋਂ ਜੇਲ੍ਹ ਤਕ ਦਾ ਸਫ਼ਰ

ਲੋਕ ਨਾਇਕ ਵਜੋਂ ਉੱਭਰੇ ਕਿਸਾਨ ਤੋਂ ਜੇਲ੍ਹ ਦਾ ਸਫ਼ਰ ਕਰਨ ਵਾਲੇ ਮਨਜੀਤ ਧਨੇਰ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਰਿਜ਼ਰਵ ਹਲਕਾ ਮਹਿਲ ਕਲਾਂ ਦੇ ਪਿੰਡ ਧਨੇਰ ਦੇ ਜੰਮਪਲ ਹਨ। 29 ਜੁਲਾਈ 1997 ਨੂੰ ਪਿੰਡ ਮਹਿਲ ਕਲਾਂ 'ਚ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ ਤੋਂ ਬਾਅਦ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ 'ਚ ਮੁਲਜ਼ਮਾਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਮਨਜੀਤ ਸਿੰਘ ਨੇ ਜਿੱਥੇ ਪੀੜਤਾ ਦੀ ਲਾਸ਼ ਬਰਾਮਦ ਕਰਵਾਈ, ਉਥੇ ਹੀ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ 'ਚ ਮੋਹਰੀ ਰੋਲ ਅਦਾ ਕੀਤਾ।

ਇਸ ਕਾਂਡ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਛੇੜੇ ਗਏ ਸੰਘਰਸ਼ ਤੋਂ ਬਾਅਦ ਐਕਸ਼ਨ ਕਮੇਟੀ ਬਣ ਗਈ ਜਿਸ 'ਚ ਮਨਜੀਤ ਧਨੇਰ ਸ਼ਾਮਲ ਸਨ। 3 ਮਾਰਚ 2001 ਨੂੰ ਬਰਨਾਲਾ ਕਚਹਿਰੀਆਂ ਦੇ ਬਾਹਰ ਹੋਏ ਝਗੜੇ ਦੇ ਮਾਮਲੇ, ਜਿਸ 'ਚ ਮੁਲਜ਼ਮ ਧੜੇ ਨਾਲ ਸਬੰਧਤ ਦਲੀਪ ਸਿੰਘ ਦੀ ਮੌਤ ਹੋ ਗਈ ਸੀ, 'ਚ ਐਕਸ਼ਨ ਕਮੇਟੀ ਦੇ ਤਿੰਨ ਆਗੂ ਨਾਰਾਇਣ ਦੱਤ, ਮਾਸਟਰ ਪ੍ਰੇਮ ਕੁਮਾਰ ਤੇ ਮਨਜੀਤ ਸਿੰਘ ਧਨੇਰ ਨੂੰ ਸ਼ਾਮਲ ਕਰ ਲਿਆ ਗਿਆ।

28 ਮਾਰਚ 2005 ਨੂੰ ਤਿੰਨਾਂ ਆਗੂਆਂ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਗਈ। 24 ਅਗਸਤ 2007 ਨੂੰ ਪੰਜਾਬ ਦੇ ਉਸ ਸਮੇਂ ਦੇ ਗਵਰਨਰ ਨੇ ਐਕਸ਼ਨ ਕਮੇਟੀ ਦੇ ਤਿੰਨਾਂ ਆਗੂਆਂ ਨੂੰ ਸੁਣਾਈ ਸਜ਼ਾ ਰੱਦ ਕਰ ਦਿੱਤੀ। ਸਜ਼ਾ ਰੱਦ ਹੋਣ ਖ਼ਿਲਾਫ਼ ਮਿ੍ਤਕ ਦਲੀਪ ਸਿੰਘ ਦੇ ਵਾਰਸਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ। ਅਪੀਲ ਦੇ ਆਧਾਰ 'ਤੇ ਹਾਈਕੋਰਟ ਵੱਲੋਂ 11 ਫ਼ਰਵਰੀ 2008 ਨੂੰ ਨਾਰਾਇਣ ਦੱਤ ਤੇ ਪ੍ਰੇਮ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ, ਜਦਕਿ ਮਨਜੀਤ ਸਿੰਘ ਧਨੇਰ ਦੀ ਸਜ਼ਾ ਬਹਾਲ ਕਰ ਦਿੱਤੀ ਗਈ। ਮਨਜੀਤ ਸਿੰਘ ਧਨੇਰ ਵੱਲੋਂ ਸੁਪਰੀਮ ਕੋਰਟ ਦਾ ਰੁਖ਼ ਕੀਤਾ ਗਿਆ।

ਸਤੰਬਰ 2019 'ਚ ਆਏ ਫ਼ੈਸਲੇ 'ਚ ਵੀ ਮਨਜੀਤ ਧਨੇਰ ਨੂੰ ਉਮਰਕੈਦ ਦੀ ਸਜ਼ਾ ਨੂੰ ਬਹਾਲ ਰੱਖਿਆ ਗਿਤਾ। ਮਨਜੀਤ ਸਿੰਘ ਧਨੇਰ ਨੇ ਸੈਂਕੜੇ ਹੀ ਕਿਸਾਨਾਂ ਦੀ ਹਾਜ਼ਰੀ 'ਚ ਬਰਨਾਲਾ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ, ਜਿਸ ਨੂੰ ਬਰਨਾਲਾ ਦੀ ਜੇਲ੍ਹ 'ਚ ਰੱਖਿਆ ਗਿਆ। ਉਦੋਂ ਤੋਂ ਹੀ ਕਿਸਾਨਾਂ ਵੱਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ 30 ਸਤੰਬਰ ਤੋਂ ਪੱਕਾ ਧਰਨਾ ਜਾਰੀ ਹੈ, ਜਿਸ 'ਚ ਰੋਜ਼ਾਨਾ ਹੀ ਬੱਚੇ, ਔਰਤਾਂ, ਬਜ਼ੁਰਗ ਤੇ ਸੈਂਕੜੇ ਲੋਕਾਂ ਦਾ ਕਾਫ਼ਲਾ ਦਿਨ ਬ ਦਿਨ ਵੱਧਦਾ ਹੀ ਗਿਆ।

ਝਲਕੀਆਂ

-ਧਨੇਰ ਦੇ ਹੱਕ 'ਚ ਹਜ਼ਾਰਾਂ ਲੋਕਾਂ ਦੇ ਸੰਘਰਸ਼ ਨੇ ਸਜ਼ਾ ਕਰਵਾਈ ਰੱਦ।

-ਧਨੇਰ ਨੂੰ ਜੇਲ੍ਹੋਂ ਕਢਵਾਉਣ ਲਈ ਡਟੀ ਐਕਸ਼ਨ ਕਮੇਟੀ ।

-ਰੋਜ਼ਾਨਾ ਸੈਂਕੜੇ ਲੋਕਾਂ ਦਾ ਕਾਫ਼ਲਾ ਵਧਿਆ।

-ਧਰਨੇ 'ਚ ਬੱਚੇ, ਔਰਤਾਂ, ਨੌਜਵਾਨ ਸਮੇਤ ਬਜ਼ੁਰਗ ਸ਼ਾਮਲ ਰਹੇ।

-30 ਸਤੰਬਰ ਤੋਂ ਜੇਲ੍ਹ ਅੱਗੇ ਦਿਨ-ਰਾਤ ਧਰਨਾ ਜਾਰੀ ਰਿਹਾ।

--ਸਮਾਂ ਸਾਰਨੀਂ

-29 ਜੁਲਾਈ 1997 ਨੂੰ ਪਿੰਡ ਮਹਿਲ ਕਲਾਂ 'ਚ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ ਤੇ ਕਤਲ।

-3 ਮਾਰਚ 2001 ਨੂੰ ਬਰਨਾਲਾ ਕਚਹਿਰੀਆਂ ਬਾਹਰ ਹੋਏ ਝਗੜੇ ਦੌਰਾਨ ਮੁਲਜ਼ਮ ਧੜੇ੍ ਨਾਲ ਸਬੰਧਤ ਦਲੀਪ ਸਿੰਘ ਦੀ ਮੌਤ ਹੋਈ।

-ਐਕਸ਼ਨ ਕਮੇਟੀ ਦੇ ਤਿੰਨ ਆਗੂ ਨਾਰਾਇਣ ਦੱਤ, ਮਾਸਟਰ ਪ੍ਰੇਮ ਕੁਮਾਰ ਤੇ ਮਨਜੀਤ ਸਿੰਘ ਧਨੇਰ ਖ਼ਿਲਾਫ਼ ਚੱਲਿਆ ਕਤਲ ਦਾ ਕੇਸ

-ਬਰਨਾਲਾ ਸੈਸ਼ਨ ਕੋਰਟ ਨੇ 28 ਮਾਰਚ 2005 ਨੂੰ ਤਿੰਨਾਂ ਆਗੂਆਂ ਨੂੰ ਉਮਰਕੈਦ ਦੀ ਸੁਣਾਈ ਸਜ਼ਾ।

-24 ਅਗਸਤ 2007 ਨੂੰ ਪੰਜਾਬ ਦੇ ਉਦੋਂ ਦੇ ਗਰਵਨਰ ਨੇ ਐਕਸ਼ਨ ਕਮੇਟੀ ਦੇ ਤਿੰਨਾਂ ਆਗੂਆਂ ਨੂੰ ਸੁਣਾਈ ਸਜ਼ਾ ਰੱਦ ਕਰ ਦਿੱਤੀ।

-ਸਜ਼ਾ ਰੱਦ ਹੋਣ ਖ਼ਿਲਾਫ਼ ਮਿ੍ਤਕ ਦਲੀਪ ਸਿੰਘ ਦੇ ਵਾਰਸਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅਪੀਲ ਦਾਇਰ ਕੀਤੀ ਗਈ।

-11 ਫ਼ਰਵਰੀ 2008 ਨੂੰ ਨਾਰਾਇਣ ਦੱਤ ਤੇ ਪ੍ਰੇਮ ਕੁਮਾਰ ਨੂੰ ਬਰੀ ਕਰ ਦਿੱਤਾ, ਜਦਕਿ ਮਨਜੀਤ ਸਿੰਘ ਧਨੇਰ ਦੀ ਸਜ਼ਾ ਬਹਾਲ ਕਰ ਦਿੱਤੀ ਗਈ।

-ਮਨਜੀਤ ਸਿੰਘ ਧਨੇਰ ਵੱਲੋਂ ਸਜ਼ਾ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ਼ ਕੀਤਾ ਗਿਆ।

-ਸਤੰਬਰ 2019 'ਚ ਆਏ ਫ਼ੈਸਲੇ ਨੇ ਵੀ ਮਨਜੀਤ ਧਨੇਰ ਦੀ ਸਜ਼ਾ ਉਮਰਕੈਦ ਨੂੰ ਬਹਾਲ ਰੱਖ ਦਿੱਤਾ।

-30 ਸਤੰਬਰ 2019 ਨੂੰ ਮਨਜੀਤ ਧਨੇਰ ਨੇ ਆਤਮ ਸਮਰਪਣ ਕੀਤਾ।

-30 ਸਤੰਬਰ 2019 ਨੂੰ ਹੀ ਕਿਸਾਨਾਂ ਨੇ ਜ਼ਿਲ੍ਹਾ ਜੇਲ੍ਹ ਅੱਗੇ ਪੱਕਾ ਧਰਨਾ ਲਾ ਦਿੱਤਾ ਸੀ।

-13 ਨਵੰਬਰ 2019 ਨੂੰ ਪੰਜਾਬ ਦੇ ਰਾਜਪਾਲ ਵੱਲੋਂ ਧਨੇਰ ਦੀ ਸਜ਼ਾ ਮੁਆਫ਼ੀ ਵਾਲੀ ਫਾਈਲ 'ਤੇ ਦਸਤਖਤ ਕਰਦਿਆਂ ਫਾਈਲ ਮੁੱਖ ਮੰਤਰੀ ਦਫ਼ਤਰ ਭੇਜੀ ਗਈ।

-14 ਨਵੰਬਰ, 2019 ਨੂੰ ਪੂਰੇ ਪੰਜਾਬ ਤੋਂ ਖੱਬੇ ਪੱਖੀਂ ਜਥੇਬੰਦੀਆਂ ਦੇ ਆਗੂ ਤੇ ਹਜ਼ਾਰਾਂ ਵਰਕਰਾਂ ਨੇ ਜ਼ਿਲ੍ਹਾ ਜੇਲ੍ਹ ਅੱਗੇ ਧਰਨੇ 'ਚ ਸ਼ਾਮਲ ਹੋ ਕੇ ਧਨੇਰ ਨੂੰ ਬਾਹਰ ਕੱਢਣ ਦੀ ਮੰਗ ਰੱਖੀ।