ਬੂਟਾ ਸਿੰਘ ਚੌਹਾਨ, ਸੰਗਰੂਰ: ਅੱਜ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਖੇ ਇੱਕ ਹਵਾਲਾਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਵਿਜੇ ਕੁਮਾਰ ਪੁੱਤਰ ਰਾਮ ਨਰਾਇਣ ਮੁਹੱਲਾ ਦਸਮੇਸ਼ ਨਗਰ ਸੰਗਰੂਰ ਦਾ ਰਹਿਣ ਵਾਲਾ ਸੀ। ਇੱਥੇ ਦੱਸਿਆ ਜਾਂਦਾ ਹੈ ਕਿ ਇਹ ਹਵਾਲਾਤੀ 26 ਅਕਤੂਬਰ ਨੂੰ ਪਿੰਡ ਭੁੱਨਰਹੇੜੀ ਜ਼ਿਲ੍ਹਾ ਪਟਿਆਲਾ ਤੋਂ ਸ਼ਰਾਬ ਦੀ ਤਸਕਰੀ ਕਰਦਾ ਫੜਿਆ ਸੀ ਤੇ 28 ਅਕਤੂਬਰ ਨੂੰ ਸੰਗਰੂਰ ਜ਼ਿਲ੍ਹਾ ਜੇਲ੍ਹ 'ਚ ਬੰਦ ਸੀ। ਇਸ ਪਿੱਛੋਂ ਇਸ ਨੂੰ ਇੱਕ ਦਿਨ ਹਸਪਤਾਲ 'ਚ ਲਿਆਂਦਾ ਗਿਆ ਸੀ ਤੇ ਫੇਰ ਵਾਪਿਸ ਕਰ ਦਿੱਤਾ ਸੀ।

ਅੱਜ ਸ਼ਾਮ ਚਾਰ ਕੁ ਵਜੇ ਉਸ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਵਿੱਚ ਲਿਆਂਦੀ ਗਈ। ਜਦੋਂ ਉਹਦੀ ਲਾਸ਼ ਪੋਸਟ ਮਾਰਟਮ ਲਈ ਆਈ ਤਾਂ ਸਿਵਲ ਹਸਪਤਾਲ ਵਿਖੇ ਉਸ ਨੂੰ ਮ੍ਰਿਤਕ ਦੀ ਰਿਸ਼ਤੇਦਾਰ ਔਰਤ ਨੇ ਪਹਿਚਾਣ ਲਿਆ ਤੇ ਮ੍ਰਿਤਕ ਦੇ ਭਰਾ ਬਬਲੂ ਨੂੰ ਸੂਚਿਤ ਕੀਤਾ। ਉਸ ਨੇ ਆ ਕੇ ਪੱਤਰਕਾਰਾਂ ਨੂੰ ਦੱਸਿਆ ਕਿ ਬਬਲੂ ਨੂੰ ਪੁਲਿਸ ਨੇ ਬਹੁਤ ਕੁੱਟਿਆ ਸੀ ਅਤੇ ਸਾਨੂੰ ਉਸਦੀ ਹੋਈ ਮੌਤ ਬਾਰੇ ਵੀ ਨਹੀਂ ਦੱਸਿਆ ਗਿਆ ਪੁਲਿਸ ਪਤਾ ਨਹੀਂ ਕੀ ਉਸ ਤੋਂ ਮਨਵਾਉਣਾ ਚਾਹੁੰਦੀ ਸੀ। ਉਸ ਨੇ ਮੰਗ ਕੀਤੀ ਕਿ ਮੇਰੇ ਭਾਈ ਦੀ ਹੋਈ ਮੌਤ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਵਿਖੇ ਮੌਰਚਰੀ ਵਿੱਚ ਰੱਖ ਦਿੱਤੀ ਗਈ ਹੈ।

ਜਦੋਂ ਇਸ ਸਬੰਧੀ ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਵਾਲਾਤੀ 29 ਸ਼ਰਾਬ ਦੇ ਡੱਬਿਆਂ ਸਮੇਤ ਫੜਿਆ ਗਿਆ ਸੀ। ਉਸਦਾ ਇਲਾਜ ਚੱਲ ਰਿਹਾ ਸੀ। ਉਹ ਨਸ਼ੇ ਕਰਨ ਦਾ ਆਦੀ ਸੀ ਅਤੇ ਉਸਦੀ ਅੱਜ ਤਿੰਨ ਕੁ ਵਜੇ ਮੌਤ ਹੋ ਗਈ।

Posted By: Jagjit Singh