ਉਪ ਮੁੱਖ ਮੰਤਰੀ ਓਪੀ ਸੋਨੀ ਨੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ

ਸੰਦੀਪ/ਮਨੋਜ, ਧੂਰੀ

ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ ਸੋਨੀ ਨੇ ਸੂਬੇ ਦੇ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਦਿ੍ਰੜਤਾ ਨਾਲ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਮੇਸ਼ਾ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਵਚਨਬੱਧ ਹੈ। ਧੂਰੀ ਵਿਖੇ ਸੰਗਰੂਰ ਡਿਸਟਿ੍ਕਟ ਇੰਡਸਟਰੀਅਲ ਚੈਂਬਰ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਆਯੋਜਿਤ ਸਾਂਝੀ ਮੀਟਿੰਗ ਦੌਰਾਨ ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਦੀ ਮੌਜੂਦਗੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਸ਼੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਦਯੋਗਪਤੀਆਂ ਤੇ ਵਪਾਰੀਆਂ ਦੀਆਂ ਹੁਣ ਤੱਕ 90 ਫ਼ੀਸਦੀ ਮੁੁਸ਼ਕਲਾਂ ਦਾ ਨਿਪਟਾਰਾ ਕਰਦਿਆਂ ਕਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਹਨ ਤੇ ਬਾਕੀ ਰਹਿੰਦੇ ਜਲਦੀ ਹੀ ਕਰ ਦਿੱਤੇ ਜਾਣਗੇ। ਉਨਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਅੰਦਰ ਸੂਬੇ ਵਿੱਚ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਿਸ ਨਾਲ ਜਿਥੇ ਆਰਥਿਕਤਾ ਮਜ਼ਬੂਤ ਹੋਈ ਹੈ ਉਥੇ ਹੀ ਰੋਜ਼ਗਾਰ ਦੇ ਬਿਹਤਰੀਨ ਮੌਕੇ ਵੀ ਪੈਦਾ ਹੋਏ ਹਨ। ਉਨਾਂ ਕਿਹਾ ਕਿ ਸਨਅਤਕਾਰਾਂ ਤੇ ਵਪਾਰੀਆਂ ਵਿਰੁੱਧ ਵੈਟ ਦੇ ਸਾਲ 2014-15, 2015-16 ਅਤੇ 2016-17 ਤੱਕ ਦੇ 40 ਹਜ਼ਾਰ ਕੇਸ ਰੱਦ ਕੀਤੇ ਜਾਣਗੇ ਤੇ ਰਹਿੰਦੇ 8000 ਕੇਸਾਂ ਦਾ ਨਿਪਟਾਰਾ ਕੁਲ ਬਕਾਇਆ ਟੈਕਸ ਦੇਣਦਾਰੀ ਦਾ ਸਿਰਫ਼ 30 ਫੀਸਦੀ ਜਮਾ ਕਰਕੇ ਕੀਤਾ ਜਾਵੇਗਾ ਅਤੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਮੌਜੂਦਾ ਵਿੱਤੀ ਸਾਲ ਦੌਰਾਨ ਇਸ 30 ਫੀਸਦੀ ਦੇਣਦਾਰੀ ਦਾ ਸਿਰਫ 20 ਫੀਸਦੀ ਜਮਾਂ ਕਰਨਾ ਪਵੇਗਾ ਅਤੇ ਬਾਕੀ 80 ਫੀਸਦੀ ਅਗਲੇ ਸਾਲ ਜਮਾਂ ਕਰਨਾ ਪਵੇਗਾ। ਇਸ ਮੌਕੇ ਉਦਯੋਗਪਤੀਆਂ ਵੱਲੋਂ ਮੰਗ ਉਠਾਏ ਜਾਣ 'ਤੇ ਉਨਾਂ ਵਿਸ਼ਵਾਸ ਦਿਵਾਇਆ ਕਿ ਸਟੇਟ ਡਵੈਲਪਮੈਂਟ ਟੈਕਸ ਸਬੰਧੀ ਸਰਕਾਰ ਇਸ 'ਤੇ ਵਿਚਾਰ ਕਰ ਰਹੀ ਹੈ ਅਤੇ ਉਦਯੋਗਪਤੀਆਂ ਵੱਲੋਂ ਅੱਜ ਜੋ ਮੁਸ਼ਕਿਲਾਂ ਦੱਸੀਆਂ ਗਈਆਂ ਹਨ ਉਨਾਂ ਨੂੰ ਹੱਲ ਕਰਨ ਲਈ ਉਹ ਜਲਦੀ ਹੀ ਮੁੱਖ ਮੰਤਰੀ ਪੰਜਾਬ ਨਾਲ ਮਿਲ ਕੇ ਗੱਲਬਾਤ ਕਰਨਗੇ। ਉਨਾਂ ਕਿਹਾ ਕਿ ਪੰਜਾਬ ਰਾਜ ਸਿੱਖਿਆ ਦੇ ਖੇਤਰ ਵਿੱਚ ਪਹਿਲੇ ਸਥਾਨ 'ਤੇ ਹੈ ਅਤੇ ਸਿਹਤ ਦੇ ਖੇਤਰ ਵਿੱਚ ਵੀ ਵੱਡੀਆਂ ਪ੍ਰਰਾਪਤੀਆਂ ਪੰਜਾਬ ਦੇ ਹਿੱਸੇ ਆ ਰਹੀਆਂ ਹਨ। ਉਨਾਂ ਕਿਹਾ ਕਿ ਸਿਹਤ ਸੁਵਿਧਾਵਾਂ ਪੱਖੋਂ ਸੂਬਾ ਮੋਹਰੀ ਚੱਲ ਰਿਹਾ ਹੈ ਅਤੇ ਡਾਕਟਰਾਂ ਤੇ ਹੋਰ ਪੈਰਾਮੈਡੀਕਲ ਸਟਾਫ਼ ਦੀ ਭਰਤੀ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਜਿੰਨੀਆਂ ਅਸਾਮੀਆਂ ਖਾਲੀ ਸਨ ਉਨਾਂ ਨੂੰ ਤਰਜੀਹੀ ਆਧਾਰ 'ਤੇ ਭਰਿਆ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਗੋਲਡੀ ਨੇ ਕਿਹਾ ਕਿ ਉਹ ਸਨਅਤਕਾਰਾਂ ਤੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਹੱਲ ਕਰਵਾਉਣ ਲਈ ਲਗਾਤਾਰ ਕਾਰਜਸ਼ੀਲ ਹਨ ਤੇ ਕੋਰੋਨਾ ਕਾਲ ਦੌਰਾਨ ਉਦਯੋਗਪਤੀਆਂ ਦੀ ਤਰਫੋਂ ਹਰ ਪੱਧਰ 'ਤੇ ਮੋਹਰੀ ਹੋ ਕੇ ਸਾਥ ਦਿੱਤਾ ਗਿਆ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ, ਜਨਰਲ ਸਕੱਤਰ ਸਮੀਰ ਜੈਨ, ਸੰਗਰੂਰ ਇੰਡਸਟਰੀਅਲ ਚੈਂਬਰ ਦੇ ਚੇਅਰਮੈਨ ਡਾ. ਏਆਰ ਸ਼ਰਮਾ, ਪ੍ਰਧਾਨ ਘਨਸ਼ਿਆਮ ਕਾਂਸਲ, ਬਲਾਕ ਪ੍ਰਧਾਨ ਧੂਰੀ ਸੰਜੀਵ ਗੋਇਲ ਤੇ ਵਪਾਰੀ ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਪਿੰ੍ਸ ਨੇ ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸ਼੍ਰੀ ਸੋਨੀ, ਵਿਧਾਇਕ ਸ਼੍ਰੀ ਗੋਲਡੀ ਤੇ ਹੋਰ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।