ਪੰਜਾਬੀ ਜਾਗਰਣ ਟੀਮ, ਧੂਰੀ : ਅੱਜ ਇਥੇ ਸੈਕੂਲਰ ਯੂਥ ਫ਼ੈਡਰੇਸ਼ਨ ਆਫ਼ ਇੰਡੀਆ ਜਥੇਬੰਦੀ ਦੇ ਆਗੂਆਂ, ਪਿੰਡ ਅਲਾਲ ਅਤੇ ਵਿਧਾਨ ਸਭਾ ਹਲਕਾ ਧੂਰੀ ਦੇ ਵੱਖ ਪਿੰਡਾਂ ਵਿੱਚੋਂ ਆਏ ਸੱਜਣਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਏ ਭਿ੍ਸ਼ਟਾਚਾਰ ਅਤੇ ਘਪਲਿਆਂ ਵਿੱਚ ਸ਼ਾਮਿਲ ਦੋਸ਼ੀਆਂ ਉੱਪਰ ਕਾਰਵਾਈ ਦੀ ਮੰਗ ਪਹਿਲਾਂ ਦੋ ਘੰਟੇ ਮੁੱਖ ਮੰਤਰੀ ਦੇ ਮੁੱਖ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਗਿਆ ਫਿਰ ਮੰਗਾਂ ਨੂੰ ਲੈ ਮੰਗ ਪੱਤਰ ਸੌਪਿਆ। ਇਹ ਮੰਗ ਪੱਤਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜਵੰਤ ਸਿੰਘ ਘੁੱਲੀ ਅਤੇ ਡੀਐਸ਼ਪੀ ਧੂਰੀ ਯੋਗੇਸ਼ ਸ਼ਰਮਾ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੈਫ਼ੀ ਇਕਾਈ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਵਿੱਚ ਸੌਂਪਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਸੈਫ਼ੀ ਵੱਲੋਂ ਲੰਮੇ ਸਮੇਂ ਤੋਂ ਵਿਦਿਆਰਥੀ ਭਲਾਈ ਲਈ ਕੰਮ ਕਰਦਿਆਂ ਯੂਨੀਵਰਸਿਟੀ ਵਿੱਚ ਹੋਏ ਘਪਲਿਆਂ ਅਤੇ ਘੁਟਾਲਿਆਂ ਦਾ ਪਰਦਾਫ਼ਾਸ਼ ਕਰਦਿਆਂ ਭਿਸ਼ਟਚਾਰ ਖਿਲਾਫ਼ ਲੜਾਈ ਲੜੀ ਜਾ ਰਹੀ ਹੈ। ਯਾਦੂ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਘੁਟਾਲਿਆਂ ਅਤੇ ਘਪਲਿਆਂ ਸੰਬੰਧੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਪੜਤਾਲਾਂ ਵਿੱਚ ਸਿੱਧ ਹੋਏ ਦੋਸ਼ੀਆਂ ਉਪਰ ਕਾਰਵਾਈ ਕਰਨ ਦੀ ਥਾਂ ਉਹਨਾਂ ਨੂੰ ਬਚਾਇਆ ਗਿਆ ਹੈ। ਕਾਂਗਰਸ ਸਰਕਾਰ ਦੁਆਰਾ ਨਿਯੁਕਤ ਕੀਤੇ ਵਾਇਸ ਚਾਸਲਰਾਂ ਵੱਲੋਂ ਨਿੱਜੀ ਲਾਲਚਾਂ ਕਰਕੇ ਜਾਚਾਂ ਵਿੱਚ ਸਿੱਧ ਹੋ ਚੁੱਕੇ ਦੋਸ਼ੀਆਂ ਉੱਪਰ ਕਾਰਵਾਈ ਕਰਨ ਦੀ ਥਾਂ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਮੌਜੂਦਾ ਵਾਇਸ ਚਾਸਲਰ ਤਾਂ ਉਨ੍ਹਾਂ ਨਾਲੋਂ ਵੀ ਅੱਗੇ ਲੰਘ ਗਿਆ ਇਸ ਦੁਆਰਾ ਰਿਟਾਇਰਡ ਜੱਜ ਸਾਹਿਬਾਨ ਅਤੇ ਅਧਿਕਾਰੀਆਂ ਦੁਆਰਾ ਕੀਤੀਆਂ ਇਨਕੁਆਰੀਆਂ ਵਿੱਚ ਦੋਸ਼ੀ ਸਾਬਤ ਹੋਏ ਨੂੰ ਬਚਾਉਣ ਲਈ ਨਵੇਂ ਸਿਰਿਉਂ ਇਨਕੁਆਇਰੀ ਕਰਵਾ ਬਚਾ ਰਿਹਾ ਹੈ। ਯੂਨੀਵਰਿਟੀ ਵਾਈਸ ਚਾਂਸਲਰ ਵੱਲੋਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਉਲਟਾ ਵਿਦਿਆਰਥੀ ਨੂੰ ਡਰਾ ਧਮਕਾ ਤੇ ਪੜਾਈ ਪੂਰੀ ਨਾ ਹੋਣ ਦੇ ਡਰਾਵੇ ਦੇ ਕੇ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗਾ ਹੋਇਆ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਜੇਕਰ ਸਾਡੇ ਕਿਸੇ ਕਿਸੇ ਦਾ ਕੁਝ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਯੂਨੀਵਰਸਿਟੀ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਹੋਵੇਗੀ। ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਪੰਜਾਬ ਸਰਕਾਰ ਇਸ ਵਾਇਸ ਚਾਸਲਰ ਨੂੰ ਤੁਰੰਤ ਬਦਲ ਯੂਨੀਵਰਸਿਟੀ ਵਿੱਚ ਹੋਏ ਘੁਟਾਲਿਆਂ ਦੇ ਦੋਸ਼ੀਆਂ ਉੱਪਰ ਕਾਰਵਾਈ ਕਰੇ । ਇਸ ਮੌਕੇ ਜਸ਼ਕਰਮਨਵੀਰ ਸਿੰਘ ਖਹਿਰਾ ,ਕੁਲਵਿੰਦਰ ਸੋਹੀ, ਬੱਬੂ ਸੋਹੀ, ਕਵਲਜੀਤ ਸਿੰਘ,ਗੁਰਦੀਪ ਸਿੰਘ, ਗੁਰਮੀਤ ਸਿੰਘ,ਅਰਸ਼ ਕਰਮਜੀਤ ਸਿੰਘ, ਅਵਤਾਰ ਸਿੰਘ, ਬਲਵੰਤ ਸਿੰਘ, ਗੁਰਮੇਲ ਸਿੰਘ, ਜੱਗੂ ਸਿੱਧੂ ਆਦਿ ਮੌਜੂਦ ਸਨ।