ਬੂਟਾ ਸਿੰਘ ਚੌਹਾਨ, ਸੰਗਰੂਰ : 30 ਸਤੰਬਰ 2013 ਨੂੰ ਮਾਲੇਰਕੋਟਲਾ ਵਿਖੇ 12 ਸਾਲਾ ਬੱਚੇ ਵਿਧੂ ਜੈਨ ਨੂੰ ਅੱਗ ਲਾ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ 'ਚ ਅਜੇ ਤਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਹੈ। ਸੋਮਵਾਰ ਨੂੰ ਵਿਧੂ ਜੈਨ ਦੇ ਤਾਏ ਵਿਨੋਦ ਜੈਨ ਅਤੇ ਤਾਈ ਰੰਜਨਾ ਜੈਨ ਨੇ ਸੰਗਰੂਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਇਨਸਾਫ਼ ਦੀ ਗੁਹਾਰ ਲਾਈ।

ਸੁਖਬੀਰ ਬਾਦਲ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਵਿਚ ਮਿਲਣ ਦਾ ਸਮਾਂ ਦਿੱਤਾ ਜਾਵੇਗਾ ਅਤੇ ਇਸ ਮਾਮਲੇ ਵਿਚ ਬਣਦਾ ਸਹਿਯੋਗ ਦਿੱਤਾ ਜਾਵੇਗਾ। ਵਿਧੂ ਜੈਨ ਦੇ ਤਾਏ ਵਿਨੋਦ ਜੈਨ ਨੇ ਦੋਸ਼ ਲਾਇਆ ਕਿ ਇਸ ਮਾਮਲੇ ਦੀ ਜਾਚ ਕਰਦਿਆਂ ਪੁਲਿਸ ਅਤੇ ਹੋਰਨਾਂ ਏਜੰਸੀਆਂ ਨੇ ਹੀ ਵਾਰਦਾਤ ਦੇ ਸਬੂਤ ਇਕੱਠੇ ਕਰਨ ਦੀ ਬਜਾਏ ਕਥਿਤ ਤੌਰ 'ਤੇ ਸਬੂਤ ਖੁਰਦ-ਬੁਰਦ ਕਰ ਦਿੱਤੇ ਹਨ। ਮਾਮਲਾ ਸੀਬੀਆਈ ਤਕ ਪਹੁੰਚ ਚੁੱਕਾ ਹੈ ਪਰ ਅਜੇ ਤਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਪੀੜਤ ਪਰਿਵਾਰ ਸੰਘਰਸ਼ ਕਰਨ ਨੂੰ ਮਜਬੂਰ ਹੋਵੇਗਾ।