ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਭਾ ਦੇ ਦਫਤਰ ਵਿਖੇ ਪਵਨਦੀਪ ਕੌਰ ਖੋਸਾ ਕੋਟਲਾ ਅਤੇ ਵੀਰਪਾਲ ਕੌਰ ਧੌਲਾ ਵਲੋਂ ਸੰਪਾਦਿਤ ਲੋਕ ਗੀਤਾਂ ਦੀਆਂ ਪੁਸਤਕਾਂ 'ਬੰਬੂਕਾਟ ਲੰਘ ਜਾਣਗੇ 'ਤੇ 'ਜਿੰਦ ਨੀ ਰੌਣਕ ਕੁੜੀਆਂ ਦੀ' ਦਾ ਲੋਕ ਅਰਪਣ ਕੀਤਾ ਗਿਆ । ਪੁਸਤਕਾਂ ਨੂੰ ਲੋਕ ਅਰਪਣ ਕਰਨ ਦੀ ਰਸਮ ਮਾਲਵਾ ਸਾਹਿਤ ਸਭਾ ਬਰਨਾਲਾ ਅਤੇ ਸਹੀਦ ਅਮਰਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਧੌਲਾ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ। ਪੁਸਤਕਾਂ 'ਤੇ ਵਿਚਾਰ ਪੇਸ਼ ਕਰਦਿਆਂ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਹ ਪੁਸਤਕਾਂ ਲੋਕ ਮੁਹਾਵਰੇ ਅਤੇ ਲੋਕ ਬੋਲੀ ਦੀ ਗੱਲ ਕਰਦੀਆਂ ਹਨ।

ਡਾ. ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਨ੍ਹਾਂ ਪੁਸਤਕਾਂ 'ਚ ਪੁਰਾਤਨ ਵਿਰਸੇ ਦੇ ਵਿਭਿੰਨ ਰੰਗਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਨਾਵਲਕਾਰ ਦਰਸਨ ਸਿੰਘ ਗੁਰੂ ਨੇ ਕਿਹਾ ਕਿ ਇਨ੍ਹਾਂ ਪੁਸਤਕਾਂ 'ਚ ਅਲੋਪ ਹੋ ਰਹੇ ਰੀਤੀ ਰਿਵਾਜ ਦੀ ਪਹਿਚਾਣ ਕਰਵਾਈ ਗਈ ਹੈ। ਜੁਗਰਾਜ ਧੌਲਾ ਨੇ ਕਿਹਾ ਕਿ ਇਨ੍ਹਾਂ ਪੁਸਤਕਾਂ 'ਚ ਗੀਤ ਬੋਲੀਆਂ ਟੱਪੇ ਤੇ ਲੰਮੀ ਹੇਕ ਵਾਲੇ ਗੀਤਾਂ ਨੂੰ ਸਾਂਭਿਆ ਗਿਆ ਹੈ। ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਹ ਪੁਸਤਕਾਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਲਈ ਅਹਿਮ ਰੋਲ ਅਦਾ ਕਰਨਗੀਆਂ ਪਵਨਦੀਪ ਕੌਰ ਤੇ ਵੀਰਪਾਲ ਨੇ ਆਪਣੀ ਪੁਸਤਕ 'ਚੋਂ ਗੀਤ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਮਾਲਵਾ ਸਾਹਿਤ ਸਭਾ ਬਰਨਾਲਾ ਦੇ ਅਹੁਦੇਦਾਰ ਅਤੇ ਮੈਂਬਰਾਂ ਤੋਂ ਇਲਾਵਾ ਪ੍ਰਰੇਮਜੀਤ ਸਿੰਘ ਧੌਲਾ, ਸੰਦੀਪ ਸਿੰਘ ਧੌਲਾ, ਗੁਰਮੀਤ ਸਿੰਘ ਤੇ ਅਮਨਦੀਪ ਕੌਰ ਵੀ ਹਾਜ਼ਰ ਸਨ ।