ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:) ਧੌਲਾ ਵੱਲੋਂ ਸਰਕਾਰੀ ਮਿਡਲ ਸਕੂਲ ਦੇ ਵਿਹੜੇ 'ਚ ਲਹਿੰਦੇ ਪੰਜਾਬ ਦੇ ਉੱਘੇ ਸ਼ਾਇਰ ਆਜ਼ਮ ਮਲਿਕ ਦੀ ਪੁਸਤਕ 'ਸਾਈਂ ਸੁਨੇਹੜੇ ਘੱਲੇ' ਇਕ ਸਾਦੇ ਸਾਹਿਤਕ ਸਮਾਗਮ ਉਲੀਕ ਕੇ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਗ਼ਜ਼ਲਗੋ ਬੂਟਾ ਸਿੰਘ ਚੌਹਾਨ ਨੇ ਕੀਤੀ ਤੇ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਰਾਮ ਸਰੂਪ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਵਾਈ। ਪੁਸਤਕ 'ਤੇ ਪਰਚਾ ਪੜ੍ਹਦਿਆਂ ਲੇਖਕ ਤੇ ਆਲੋਚਕ ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਲਹਿੰਦੇ ਪੰਜਾਬ ਦੇ ਸ਼ਾਇਰ ਆਜ਼ਮ ਮਲਿਕ ਦੀ ਕਵਿਤਾ 'ਚ ਰਵਾਨਗੀ ਹੈ। ਉਨ੍ਹਾਂ ਕਿਹਾ ਕਿ ਮਲਿਕ ਨੇ ਆਪਣੀਆਂ ਗ਼ਜ਼ਲਾਂ, ਕਵਿਤਾ ਤੇ ਮਾਹੀਏ ਰਾਹੀਂ ਇਕ ਆਮ ਮਨੁੱਖ ਦੇ ਵਲਵਲਿਆਂ ਨੂੰ ਸ਼ਬਦਾਂ ਦਾ ਰੂਪ ਦਿੱਤਾ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਲਹਿੰਦੇ ਪੰਜਾਬ ਦੇ ਮਿਆਰੀ ਸਾਹਿਤ ਦਾ ਚੜ੍ਹਦੇ ਪੰਜਾਬ 'ਚ ਛਪਣਾ ਬਹੁਤ ਚੰਗੀ ਗੱਲ ਹੈ। ਉਨ੍ਹਾਂ ਨੇ ਆਪਣੇ ਵਿਚਾਰਾਂ 'ਚ ਲਹਿੰਦੇ ਪੰਜਾਬ ਦੀ ਕਵਿਤਾ, ਵਿਅੰਗਮਈ ਤੇ ਲੋਕ ਗੀਤਾਂ ਦੀ ਸਥਿਤੀ ਦੇ ਨਾਲ-ਨਾਲ ਪੰਜਾਬੀ ਸਾਹਿਤ ਦੇ ਸਮਕਾਲ ਬਾਰੇ ਚਾਨਣਾ ਪਾਇਆ। ਜਾਣਕਾਰੀ ਦਿੰਦਿਆਂ ਸਭਾ ਦੇ ਸਰਪ੍ਰਤ ਗੁਰਸੇਵਕ ਸਿੰਘ ਧੌਲਾ ਤੇ ਪ੍ਰਧਾਨ ਬੇਅੰਤ ਸਿੰਘ ਬਾਜਵਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਸਰਕਾਰੀ ਹੁਕਮਾਂ ਦੀ ਤਾਮੀਲ ਕਰਦਿਆਂ ਸਮਾਗਮ ਨੂੰ ਸਾਦਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਈ 'ਤੇ ਆਏ ਇਸ ਅੌਖੇ ਸਮੇਂ 'ਚ ਸਾਹਿਤ ਨੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕੀਤਾ ਹੈ। ਕਵੀ ਤੇ ਗ਼ਜ਼ਲਗੋ ਤੇਜਿੰਦਰ ਸਿੰਘ ਚੰਡਿਹੋਕ, ਗੁਰਪ੍ਰਰੀਤ ਸਿੰਘ ਗੈਰੀ, ਸੁਖਦੇਵ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਕੂਲ ਮੁਖੀ ਤੇਜਿੰਦਰ ਸਿੰਘ, ਰੌਸ਼ਨ ਪੈੜਾਂ ਕਲੱਬ ਦੇ ਪ੍ਰਧਾਨ ਨਿਰਭੈ ਸਿੰਘ, ਸਭਾ ਦੇ ਅਹੁਦੇਦਾਰ ਦੀਪ ਅਮਨ, ਕੁਲਦੀਪ ਸਿੰਘ ਧਾਲੀਵਾਲ, ਸੰਜੀਵ ਕੁਮਾਰ, ਗੁੰਮਨਾਮ ਧਾਲੀਵਾਲ, ਭੁਪਿੰਦਰ ਸਿੰਘ ਸੋਹੀ ਆਦਿ ਹਾਜ਼ਰ ਸਨ।