ਸ਼ੰਭੂ ਗੋਇਲ, ਲਹਿਰਾਗਾਗਾ : ਪਿੰਡ ਸੰਗਤਪੁਰਾ ਵਿਖੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ (28) ਪਿੰਡ ਸੰਗਤਪੁਰਾ ਲੱਖਾਂ ਦੇ ਕਰਜ਼ੇ ਕਾਰਨ ਪਰੇਸ਼ਾਨ ਰਹਿੰਦਾ ਸੀ ਜਿਸ ਕਰਕੇ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਜਾਨ ਦੇ ਦਿੱਤੀ। ਮਨਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਨੇ ਲਹਿਰਾ ਦੇ ਇਲਾਹਾਬਾਦ ਬੈਂਕ ’ਚੋਂ ਅੱਠ ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ ਅਤੇ ਹੋਰ ਵੀ ਸੁਸਾਇਟੀ ਆਦਿ ਦਾ ਲੱਖਾਂ ਰੁਪਏ ਕਰਜ਼ਾ ਸਿਰ ਸੀ। ਪਿਤਾ ਦੇ ਇਲਾਜ ’ਤੇ ਲੱਖਾਂ ਰੁਪਏ ਲਾਉਣ ਉਪਰੰਤ ਪੰਜ ਸਾਲ ਪਹਿਲਾਂ ਕੈਂਸਰ ਕਾਰਨ ਮੌਤ ਹੋ ਗਈ ਸੀ ਅਤੇ ਇਹ ਲੱਖਾਂ ਰੁਪਏ ਦਾ ਸਿਰ ਚੜ੍ਹਿਆ ਕਰਜ਼ਾ ਹੀ ਮਨਦੀਪ ਸਿੰਘ ਦੀ ਮੌਤ ਦਾ ਕਾਰਨ ਬਣਿਆ। ਲਹਿਰਾ ਪੁਲਿਸ ਵੱਲੋਂ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ ਜਿਸ ਦਾ ਅੱਜ ਸਸਕਾਰ ਕਰ ਦਿੱਤਾ ਗਿਆ ਹੈ। ਸਾਬਕਾ ਸਰਪੰਚ ਅਮਰਜੀਤ ਸਿੰਘ, ਸਹਿਜਪਾਲ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਰਣਜੀਤ ਸਿੰਘ ਸਾਬਕਾ ਪੰਚ, ਬੰਤ ਸਿੰਘ ਪੰਚ, ਹਰਦੇਵ ਸਿੰਘ ਪੰਚ ਅਤੇ ਤੇਜਾ ਸਿੰਘ ਆਦਿ ਨੇ ਸਰਕਾਰ ਕੋਲੋਂ ਮਿ੍ਰਤਕ ਦੇ ਪਰਿਵਾਰ ਦੀ ਵਿੱਤੀ ਮਦਦ ਕਰਨ ਦੀ ਅਪੀਲ ਕੀਤੀ।

Posted By: Jagjit Singh