ਕਰਮਜੀਤ ਸਿੰਘ ਸਾਗਰ, ਧਨੌਲਾ : ਨੇੜਲੇ ਪਿੰਡ ਭੈਣੀ ਮਹਿਰਾਜ ਦੇ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਹਰਬੰਸ ਸਿੰਘ (58) ਵਾਸੀ ਭੈਣੀ ਮਹਿਰਾਜ ਕੁਝ ਸਮੇਂ ਤੋਂ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਅਕਸਰ ਪਰੇਸ਼ਾਨ ਰਹਿੰਦਾ ਸੀ ਪਰ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਨਹੀਂ ਕਰਦਾ ਸੀ। ਇਸੇ ਕਾਰਨ ਲੰਘੀ ਰਾਤ ਕਰੀਬ 9.30 ਵਜੇ ਉਸ ਨੇ ਪਿੰਡ ਕੋਲ ਲੰਘਦੀ ਨਹਿਰ ਕਿਨਾਰੇ ਖੜੇ ਦਰੱਖ਼ਤ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ।

ਦੱਸਿਆ ਜਾਂਦਾ ਹੈ ਕਿ ਮਰਹੂਮ ਕਿਸਾਨ ਕੋਲ ਸਾਢੇ ਤਿੰਨ ਏਕੜ ਦੇ ਕਰੀਬ ਜ਼ਮੀਨ ਸੀ ਤੇ ਉਸ ਦੇ ਸਿਰ 7-8 ਲੱਖ ਦੇ ਕਰੀਬ ਕਰਜ਼ਾ ਚੜ੍ਹ ਗਿਆ ਸੀ, ਜਿਸ ਕਰ ਕੇ ਇਹ ਕਦਮ ਚੁੱਕਿਆ ਹੋਵੇਗਾ। ਕਿਸਾਨ ਆਪਣੇ ਪਿੱਛੇ ਵਿਧਵਾ ਪਤਨੀ, ਦੋ ਪੁੱਤਰ ਤੇ ਇਕ ਧੀਅ ਛੱਡ ਗਿਆ ਹੈ।

ਪਿੰਡ ਦੇ ਸਰਪੰਚ ਸੁਖਵਿੰਦਰ ਕੌਰ ਦੇ ਪਤੀ ਜਗਸੀਰ ਸਿੰਘ, ਬੀਕੇਯੂ ਆਗੂ ਦਰਸ਼ਨ ਸਿੰਘ ਭੈਣੀ ਮਹਿਰਾਜ, ਜਰਨੈਲ ਸਿੰਘ ਗੇਲੀ ਪੰਚ, ਬਹਾਦਰ ਸਿੰਘ ਪੰਚ ਤੇ ਹੋਰ ਪਤਵੰਤਿਆਂ ਨੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਮਰਹੂਮ ਕਿਸਾਨ ਦਾ ਕਰਜ਼ਾ ਮਾਫ਼ ਕਰੇ ਤੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ। ਥਾਣਾ ਧਨੌਲਾ ਦੇ ਐੱਸਐੱਚਓ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਥਾਣੇਦਾਰ ਮਹਿੰਦਰ ਸਿੰਘ ਨੇ ਮਿ੍ਤਕ ਹਰਬੰਸ ਸਿੰਘ ਦੇ ਪੁੱਤਰ ਦੇ ਬਿਆਨਾਂ ਦੇ ਅਧਾਰ 'ਤੇ 174 ਦੀ ਕਾਰਵਾਈ ਕਰਦਿਆਂ ਹੋਇਆਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।