ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਫੌਜ਼ਦਾਰੀ ਜ਼ਾਬਤਾ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਦੁਕਾਨਾਂ ਦਾ ਸਾਮਾਨ ਬਾਹਰ ਰੱਖਿਆ ਜਾਂਦਾ ਹੈ ਤੇ ਉਸ ਉਪਰੰਤ ਗੱਡੀਆਂ ਦੀ ਪਾਰਕਿੰਗ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਟਰੈਕਟਰ-ਟਰਾਲੀਆਂ, ਟੈਂਪੂਆਂ, ਟਾਟਾ 407, ਹੈਵੀ ਟਰੱਕਾਂ ਆਦਿ ਰਾਹੀਂ ਸਾਮਾਨ ਦੀ ਢੋਆ-ਢੁਆਈ ਵੀ ਕੀਤੀ ਜਾਂਦੀ ਹੈ। ਜਿਸ ਨਾਲ ਆਵਾਜਾਈ 'ਚ ਵਿਘਨ ਪੈਂਦਾ ਹੈ ਤੇ ਟ੍ਰੈਫਿਕ ਜਾਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵਲੋਂ ਸ਼ਹਿਰ ਦੇ ਸਦਰ ਬਾਜ਼ਾਰ, ਫਰਵਾਹੀ ਬਾਜ਼ਾਰ, ਹੰਡਿਆਇਆ ਬਾਜ਼ਾਰ ਤੇ ਕੱਚਾ ਕਾਲਜ ਰੋਡ, ਪੱਕਾ ਕਾਲਜ ਰੋਡ ਉਪਰ ਕਿਸੇ ਕਿਸਮ ਦਾ ਸਾਮਾਨ ਆਪਣੀ ਮਾਲਕੀ ਦੀ ਹੱਦ ਤੋਂ ਬਾਹਰ ਨਾ ਰੱਖਿਆ ਜਾਵੇ। ਬਾਜ਼ਾਰਾਂ 'ਚ ਲੋਡਿੰਗ ਵਹੀਕਲਜ਼, ਟਰੈਕਟਰ ਟਰਾਲੀਆਂ, ਟੈਂਪੂਆਂ, ਟਾਂਟਾ 407, ਹੈਵੀ ਟਰੱਕਾਂ ਆਦਿ ਦੇ ਦਾਖ਼ਲ ਹੋਣ ਦਾ ਸਮਾਂ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਹੋਵੇਗਾ।