ਬਲਜੀਤ ਸਿੰਘ ਸੰਧੂ, ਸ਼ੇਰਪੁਰ : ਬਲਾਕ ਸ਼ੇਰਪੁਰ ਦੇ ਪਿੰਡ ਧੰਦੀਵਾਲ ਵਿਖੇ ਪੰਚਾਇਤ ਵਿਭਾਗ ਵੱਲੋਂ ਦਲਿਤ ਭਾਈਚਾਰੇ ਦੀ ਰਾਖਵੀਂ ਜ਼ਮੀਨ ਦੀ ਬੋਲੀ ਡੀਡੀਪੀਓ ਨਰਪਿੰਦਰ ਸਿੰਘ, ਬੀਡੀਪੀਓ ਜੁਗਰਾਜ ਸਿੰਘ ਦੀ ਅਗਵਾਈ ਵਿਚ ਰੱਖੀ ਗਈ ਸੀ, ਜੋ ਕਿ ਅੱਜ ਛੇਵੀਂ ਵਾਰ ਰੱਦ ਹੋ ਗਈ। ਬੋਲੀ ਰੱਦ ਹੋਣ ਤੇ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਮੀਨ ਸੰਘਰਸ਼ ਕਮੇਟੀ ਦੇ ਆਗੂ ਗੁਰਦੀਪ ਸਿੰਘ ਧੰਦੀਵਾਲ ਨੇ ਦੱਸਿਆ ਕਿ ਸੰਘਰਸ਼ ਕਮੇਟੀ ਵੱਲੋਂ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ 33 ਸਾਲਾ ਪਟੇ 'ਤੇ ਦੇਣਾ ਆਦਿ ਮੰਗਾਂ ਸਬੰਧੀ ਮਤਾ ਪਾਇਆ ਗਿਆ ਸੀ ਅਤੇ ਅੱਜ ਜ਼ਮੀਨ ਦੀ ਬੋਲੀ ਰੱਖੀ ਗਈ ਸੀ। ਪ੍ਰੰਤੂ ਪੰਚਾਇੰਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਗਾ੍ਮ ਸਭਾ ਦੇ ਪਾਏ ਮਤੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਅੱਜ ਮੁੜ ਬੋਲੀ ਰੱਖੀ ਗਈ ਸੀ, ਜੋ ਕਿ ਦਲਿਤ ਭਾਈਚਾਰੇ ਦੇ ਰੋਸ ਨੂੰ ਦੇਖਦੇ ਹੋਏ ਛੇਵੀਂ ਵਾਰ ਰੱਦ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਪੰਚਾਇਤ ਵਿਭਾਗ ਦੇ ਅਧਿਕਾਰੀ ਉਨ੍ਹਾਂ ਦੇ ਪਾਏ ਮਤੇ ਨੂੰ ਨਹੀ ਮੰਨਦੇ ਉਨ੍ਹਾਂ ਚਿਰ ਬੋਲੀ ਨਹੀਂ ਹੋਣ ਦਿੱਤੀ ਜਾਵੇਗੀ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵੱਡੀ ਗਿਣਤੀ ਵਿਚ ਪੁਲਸ ਤਾਇਨਾਤ ਕੀਤੀ ਹੋਈ ਸੀ।

ਜ਼ਮੀਨ ਸੰਘਰਸ਼ ਕਮੇਟੀ ਦੇ ਆਗੂਆਂ 'ਤੇ ਪਰਚੇ ਦਰਜ

ਦੂਜੇ ਪਾਸੇ ਪੰਚਾਇਤ ਸਕੱਤਰ ਰਣਜੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਜ਼ਮੀਨ ਸੰਘਰਸ਼ ਕਮੇਟੀ ਦੇ ਆਗੂਆਂ ਗੁਰਦੀਪ ਸਿੰਘ ਪੁੱਤਰ ਮਲਕੀਤ ਸਿੰਘ, ਮਹਿੰਦਰ ਸਿੰਘ ਪੁੱਤਰ ਰੱਬੀ ਸਿੰਘ, ਜੀਤ ਸਿੰਘ ਪੁੱਤਰ ਚੰਨਣ ਸਿੰਘ, ਜਰਨੈਲ ਸਿੰਘ ਉਰਫ਼ ਭੋਲਾ ਪੁੱਤਰ ਜੀਤ ਸਿੰਘ, ਗੁਰਮੇਲ ਸਿੰਘ ਪੁੱਤਰ ਭਾਨ ਸਿੰਘ ਵਾਸੀ ਧੰਦੀਵਾਲ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ ਕਿ ਉਕਤ ਵਿਅਕਤੀਆਂ ਨੇ ਬਿਨਾਂ ਕਿਸੇ ਮਨਜ਼ੂਰੀ ਤੋਂ ਦਲਿਤ ਸਡਿਊਲ ਵਾਲੀ ਜ਼ਮੀਨ ਵਿਚ ਜਾ ਕੇ ਪੰਚਾਇਤੀ ਮੋਟਰ ਦੇ ਕੋਠੇ ਦਾ ਜਿੰਦਰਾ ਤੋੜਕੇ ਅੰਦਰ ਮੋਟਰ ਚਲਾ ਕੇ ਪਾਣੀ ਛੱਡ ਦਿੱਤਾ। ਮੋਟਰ ਵਿੱਚੋਂ ਕਹੀਆਂ ਚੋਰੀ ਕਰਕੇ ਲੈ ਗਏ। ਮੋਟਰ ਦੇ ਗਰਿੱਪਾਂ ਦੀ ਭੰਨ ਤੋੜ ਕੀਤੀ ਅਤੇ ਆਪਣਾ ਨਵਾਂ ਜਿੰਦਰਾ ਲਾ ਦਿੱਤਾ। ਜਿਸ ਦੇ ਆਧਾਰ 'ਤੇ ਥਾਣਾ ਸਦਰ ਵਿਖੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਤੇ ਕੀਤੇ ਪਰਚੇ ਦੀ ਨਿੰਦਾ ਕਰਦਿਆਂ ਸੰਘਰਸ਼ ਕਮੇਟੀ ਦੇ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਤੇ ਪਰਚੇ ਦਰਜ ਕਰਕੇ ਉਨ੍ਹਾਂ ਦੀ ਆਵਾਜ਼ ਦਬਾਉਣਾ ਚਾਹੁੰਦਾ ਹੈ ਅਤੇ ਉਨਾਂ ਨੇ ਪੰਚਾਇਤੀ ਜ਼ਮੀਨ ਵਿਚ ਜਾ ਕੇ ਕੋਈ ਕਬਜ਼ਾ ਕਰਨ, ਤੋੜ ਭੰਨ ਕਰਨ ਜਾਂ ਚੋਰੀ ਕਰਨ ਦੀ ਕੋਸ਼ਿਸ਼ ਨਹੀ ਕੀਤੀ।

ਕੀ ਕਹਿਣਾ ਹੈ ਬੀਡੀਪੀਓ ਦਾ :

ਜਦੋਂ ਇਸ ਸਬੰਧੀ ਬੀਡੀਪੀਓ ਸ਼ੇਰਪੁਰ ਜੁਗਰਾਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦਲਿਤ ਭਾਈਚਾਰੇ ਦੀ ਮੰਗ ਅਨੁਸਾਰ 33 ਸਾਲ ਪਟੇ 'ਤੇ ਦੇਣ ਸਬੰਧੀ ਸਾਡੇ ਪਾਸ ਕੋਈ ਅਧਿਕਾਰ ਨਹੀਂ ਹੈ ਦਲਿਤ ਭਾਈਚਾਰਾ ਨੂੰ ਆਪਣੇ ਹਿੱਸੇ ਦੀ ਜ਼ਮੀਨ ਦੀ ਬੋਲੀ ਦੇਣ ਸਬੰਧੀ ਡੀਡੀਪੀਓ ਸੰਗਰੂਰ ਵੱਲੋਂ ਇੱਕ ਹਫ਼ਤੇ ਬਾਅਦ ਮੁੜ ਬੋਲੀ ਰੱਖੀ ਗਈ ਹੈ।