ਬਲਜਿੰਦਰ ਸਿੰਘ ਮਿੱਠਾ, ਸੰਗਰੂਰ : ਐੱਸਐੱਸਪੀ ਡਾਕਟਰ ਸੰਦੀਪ ਗਰਗ ਨੇ ਪੁਲਿਸ ਲਾਈਨ ਵਿਚ ਦੱਸਿਆ ਕਿ ਪੁਲਿਸ ਨੇ ਬੈਂਕ ਦੇ ਏਟੀਐੱਮ ਰਾਹੀਂ ਪੈਸੇ ਕਢਵਾਉਣ ਵਾਲਾ ਇਕ ਗਿਰੋਹ ਕਾਬੂ ਕੀਤਾ ਹੈ। ਇਸ ਗਰੋਹ ਦੇ 13 ਮੈਂਬਰਾਂ ਵਿਚੋਂ 7 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਜਿਨ੍ਹਾਂ ਵਿਚ ਰਾਜ ਕੁਮਾਰ ਉਰਫ਼ ਰਾਜੂ, ਬੱਬਲੂ ਉਰਫ਼ ਬੱਲੂ ਪ੍ਰਵੀਨ ਨਿਵਾਸੀ ਪਹੇਵਾ ਜ਼ਿਲ੍ਹਾ ਕਰੂਕਸ਼ੇਤਰ, ਦਿਨੇਸ਼ ਕੁਮਾਰ ਨਿਵਾਸੀ ਭਵਾਨੀ, ਬਿੱਟੂ ਨਿਵਾਸੀ ਕੈਂਥਲ, ਰਣਧੀਰ ਧੀਰਾ ਨਿਵਾਸੀ ਪੱਟੀ ਜਖੌਲੀ ਜ਼ਿਲ੍ਹਾ ਕੈਂਥਲ ਨੂੰ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਸਮੂਹ ਸਹਾਇਕ ਥਾਣੇਦਾਰ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਗਿ੍ਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਵੱਖ-ਵੱਖ ਬੈਂਕਾਂ ਦੇ 64 ਏਟੀਐੱਮ ਕਾਰਡ ਨਕਦੀ ਰਕਮ 4 ਲੱਖ 54 ਹਜ਼ਾਰ ਵੀ ਬਰਾਮਦ ਕੀਤੀ ਹੈ। ਸੰਦੀਪ ਗਰਗ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹ ਗਿਰੋਹ ਪਿਛਲੇ ਪੰਜ ਸਾਲਾਂ ਤੋਂ ਨਂੌ ਰਾਜਾਂ ਵਿਚ ਕੰਮ ਕਰ ਰਿਹਾ ਹੈ ਜਿਵੇਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ, ਉੱਤਰਾਖੰਡ, ਉੱਤਰ ਪ੍ਰਦੇਸ਼ ਰਾਜਸਥਾਨ, ਛੱਤੀਸ਼ਗੜ੍ਹ, ਆਦਿ ਹਨ। ਹੁਣ ਤਕ 1500 ਤੋਂ ਵੱਧ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। 50 ਤੋਂ 60 ਲੱਖ ਰੁਪਏ ਇਕੱਠੇ ਕੀਤੇ ਹਨ। ਇਹ ਗਿਰੋਹ ਸੰਗਰੂਰ ਵਿਚ 30 ਤੋਂ 35 ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਾ ਹੈ।

ਐੱਸਐੱਸਪੀ ਨੇ ਦੱਸਿਆ ਕਿ ਗਿਰੋਹ ਨੂੰ ਫੜਨ ਵਾਸਤੇ ਐੱਸਪੀਡੀ ਹਰਿੰਦਰ ਸਿੰਘ ਦੀ ਅਗਵਾਈ ਵਿਚ ਟੀਮ ਬਣਾਈ ਗਈ ਸੀ ਜਿਸ ਵਿਚ ਡੀਐੱਸਪੀ ਮੋਹਿਤ ਅਗਰਵਾਲ, ਸੀਆਈਏ ਇੰਚਾਰਜ ਸਤਨਾਮ ਸਿੰਘ, ਸਾਈਬਰ ਕ੍ਰਾਈਮ ਦੇ ਇੰਚਾਰਜ ਸਹਾਇਕ ਥਾਣੇਦਾਰ ਹਰਜੀਤ ਕੌਰ ਸ਼ਾਮਲ ਸਨ। ਮੁਲਜ਼ਮਾਂ ਨੂੰ ਫੜਨ ਲਈ ਉਨ੍ਹਾਂ ਦੇ ਮੋਬਾਈਲ ਕਾਲ ਟਰੇਸ ਕਰਕੇ ਸੀਸੀਟੀਵੀ ਫੁਟੇਜ਼ ਰਾਹੀਂ ਇਸ ਗਰੋਹ ਨੂੰ ਗਿ੍ਫ਼ਤਾਰ ਕੀਤਾ ਗਿਆ। ਇਸ ਗਿਰੋਹ ਦਾ ਪਿਛੋਕੜ ਅਪਰਾਧਿਕ ਹੈ। ਪਹਿਲਾਂ ਵੀ ਕਈ ਥਾਣਿਆਂ ਵਿੱਚ ਇਨ੍ਹਾਂ 'ਤੇ ਪਰਚੇ ਦਰਜ ਹੋ ਚੁੱਕੇ ਹਨ।