ਸੰਦੀਪ ਸਿੰਗਲਾ, ਧੂਰੀ : ਪਿਛਲੇ ਦਿਨਾਂ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਸੁਪਾਰੀ ਲੈ ਕੇ ਪਿੰਡ ਜੱਖਲਾਂ ਦੇ ਇੱਕ ਵਿਅਕਤੀ ਦੀਆਂ ਲੱਤਾਂ ਤੋੜਨ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਥਾਣਾ ਸਦਰ ਧੂਰੀ ਦੀ ਪੁਲਸ ਵੱਲੋਂ ਕੇਸ ਵਿਚ 9 ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਥਾਣਾ ਸਦਰ ਧੂਰੀ ਦੇ ਐੱਸਐੱਚਓ ਹਰਵਿੰਦਰ ਸਿੰਘ ਖਹਿਰਾ ਨੇ ਪੈੱ੍ਸ ਕਾਨਫ਼ਰੰਸ ਦੌਰਾਨ ਸੁਪਾਰੀ ਲੈ ਕੇ ਲੱਤਾਂ ਤੋੜਨ ਦੇ ਇਸ ਮਾਮਲੇ ਬਾਰੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਲੰਘੀ 24 ਜੂਨ ਨੂੰ ਪਿੰਡ ਜੱਖਲਾਂ ਦੇ ਰੁਪਿੰਦਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਨੂੰ ਆਪਣੇ ਮੋਟਰਸਾਈਕਲ 'ਤੇ ਪਿੰਡ ਮੀਮਸਾ ਨੂੰ ਜਾਂਦੇ ਸਮੇਂ ਕਾਰ ਸਵਾਰਾਂ ਅਤੇ ਮੋਟਰਸਾਈਕਲ ਸਵਾਰ ਅਣਪਛਾਤਿਆਂ ਵੱਲੋਂ ਰਸਤੇ ਵਿਚ ਘੇਰ ਕੇ ਕੁੱਟਮਾਰ ਕਰਦਿਆਂ ਲੱਤਾਂ ਤੋੜ ਦਿੱਤੀਆਂ ਗਈਆਂ ਸਨ ਅਤੇ ਹਮਲਾਵਰ ਜਾਂਦੇ ਹੋਏ ਉਸ ਦੀ ਨਕਦੀ ਅਤੇ ਸੋਨੇ ਦੀ ਛਾਂਪ ਖੋਹ ਕੇ ਫ਼ਰਾਰ ਹੋ ਗਏ ਸਨ ਅਤੇ ਇਸ ਸਬੰਧੀ ਪੁਲਿਸ ਵੱਲੋਂ ਰੁਪਿੰਦਰਜੀਤ ਸਿੰਘ ਦੇ ਬਿਆਨ ਦੇ ਆਧਾਰ 'ਤੇ ਅਣਪਛਾਤਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਕਿ ਰੁਪਿੰਦਰਜੀਤ ਦਾ ਉਸ ਦੇ ਖੇਤ ਦੇ ਗੁਆਂਢੀ ਮਲਕੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਜੱਖਲਾਂ ਨਾਲ ਜ਼ਮੀਨ ਸਬੰਧੀ ਝਗੜਾ ਚੱਲਦਾ ਸੀ ਅਤੇ ਮਲਕੀਤ ਸਿੰਘ ਨੇ ਗਗਨਦੀਪ ਸਿੰਘ ਰੋਸੀ ਵਗ਼ੈਰਾ ਨਾਲ ਰੁਪਿੰਦਰਜੀਤ ਦੀਆਂ ਲੱਤਾਂ ਤੋੜਨ ਦੀ ਗੱਲ ਕਰਦਿਆਂ 60 ਹਜ਼ਾਰ ਰੁਪਏ ਦੀ ਸੁਪਾਰੀ ਦੇਣੀ ਤੈਅ ਕਰ ਕੇ ਉਸ ਵਿਚੋਂ 39500 ਰੁਪਏ ਦੇ ਦਿੱਤੇ ਅਤੇ ਜਾਂਚ ਟੀਮ ਵੱਲੋਂ ਕੀਤੀ ਗਈ ਜਾਂਚ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਬਲਰਾਜ ਸਿੰਘ ਘਨੌਰੀ, ਹਰਦੀਪ ਸਿੰਘ, ਗਗਨਦੀਪ ਸਿੰਘ ਰੋਸ਼ੀ ਅਤੇ ਰਾਜ ਕੁਮਾਰ ਉਰਫ਼ ਰਾਮ ਜਾਨੇ ਵਾਸੀ ਧੂਰੀ ਲਖਵਿੰਦਰ ਸਿੰਘ ਬੰਗਾਵਾਲੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਤੋਂ ਕੀਤੀ ਗਈ ਪੁੱਛਗਿੱਛ ਵਿਚ ਵਾਰਦਾਤ ਵਿਚ ਵਰਤੀ ਗਈ ਕਾਰ, ਮੋਟਰਸਾਈਕਲ, ਹਥਿਆਰ ਅਤੇ ਖੋਹੀ ਗਈ ਸੋਨੇ ਦੀ ਛਾਂਪ ਬਰਾਮਦ ਕਰ ਲਈ ਗਈ, ਜਦੋਂ ਕਿ ਮੁਲਜ਼ਮਾਂ ਵਿਚੋਂ ਸੁਪਾਰੀ ਦੇਣ ਵਾਲੇ ਮਲਕੀਤ ਸਿੰਘ, ਉਸਦੇ ਪੁੱਤਰ ਸੁਪਿੰਦਰ ਸਿੰਘ, ਦਲਵੀਰ ਸਿੰਘ ਵਾਸੀ ੳੱੁਭਾਵਾਲ ਅਤੇ ਮਨਦੀਪ ਸਿੰਘ ਢੀਂਡਸਾ ਧੂਰੀ ਦੀ ਗਿ੍ਫ਼ਤਾਰੀ ਬਾਕੀ ਹੈ।